ਮਾਨਸਾ, 16 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਸੜਕੀ ਹਾਦਸਿਆਂ ਤੋ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਠੋਸ ਯਤਨ ਕੀਤੇ ਜਾਣਾ ਸਮੇਂ ਦੀ ਲੋੜ ਹੈ। ਅੱਜ ਡਿਪਟੀ ਕਮਿਸਨਰ ਸ੍ਰੀ ਜਸਪ੍ਰੀਤ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਅਤੇ ਕੀਮਤੀ ਜਾਨਾਂ ਦੀ ਸੁਰੱਖਿਆ ਲਈ ਜ਼ਿਲ੍ਹੇ ਦੀਆਂ ਸੜਕੀ ਦੁਰਘਟਨਾਵਾਂ ਵਾਲੀਆਂ ਥਾਵਾਂ ’ਤੇ ਗੱਡੀਆਂ ਦੀ ਗਤੀ ਘਟਾਉਣ ਲਈ ਲੋੜ ਅਨੁਸਾਰ ਰਿੰਬਲ ਸਟਰਿੱਪਸ ਜਾਂ ਸਪੀਡ ਬਰੇਕਰ ਲਗਵਾਏ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਢੁੱਕਵੀਆਂ ਥਾਵਾਂ ’ਤੇ ਰਿਫਲੈਕਟਰ ਸਟੱਡ, ਸਪੀਡ ਲਿਮਟ ਦੇ ਬੋਰਡ ਅਤੇ ਲਾਈਟਾਂ ਯਕੀਨੀ ਲਗਵਾਏ ਜਾਣ ਅਤੇ ਹਾਈਬੀਮ ਗੱਡੀਆਂ ਦੇ ਚਲਾਨ ਕੀਤੇ ਜਾਣ।
ਸ਼੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਡਿਵਾਈਡਰ ’ਤੇ ਰੇਡੀਅਮ ਟੇਪਾਂ ਅਤੇ ਓਵਰ ਬਰਿੱਜ ’ਤੇ ਮਾਰਕ ਸਾਈਨ ਜ਼ਰੂਰ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਿੰਕ ਸੜਕ ਤੋਂ ਮੇਨ ਹਾਈਵੇ ’ਤੇ ਚੜ੍ਹਨ ਵਾਲੀਆਂ ਸੜਕਾਂ ’ਤੇ ਰਿੰਬਲ ਸਟਰਿਪਸ ਜ਼ਰੂਰ ਲਗਵਾਏ ਜਾਣ, ਤਾਂ ਜੋ ਕੋਈ ਵੀ ਵਾਹਨ ਤੇਜ਼ ਗਤੀ ਨਾਲ ਲਿੰਕ ਸੜਕ ਤੋਂ ਮੇਨ ਹਾਈਵੇ ’ਤੇ ਨਾ ਚੜ੍ਹ ਸਕੇ।
ਉਨ੍ਹਾਂ ਕਿਹਾ ਕਿ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕਰਨੀ ਯਕੀਨੀ ਬਣਾਈ ਜਾਵੇ ਅਤੇ ਜੇਕਰ ਕੋਈ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਵਾਹਨਾਂ ’ਤੇ ਪ੍ਰੈਸ਼ਰ ਹਾਰਨ ਲੱਗੇ ਹੋਏ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾਣ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਐਕਸੀਅਨ ਪੀ.ਡਬਲਿਊ.ਡੀ. (ਬੀ.ਐਂਡ.ਆਰ) ਨੈਸ਼ਨਲ ਹਾਈਵੇ ਬਠਿੰਡਾ ਇੰਜੀਨਿਅਰ ਮੰਦਰ ਸਿੰਘ, ਐਸ.ਡੀ.ਓ. ਇੰਜੀਨਿਅਰ ਰਤਨ ਪਾਲ ਜਿੰਦਲ, ਐਸ.ਡੀ.ਓ. ਪੰਜਾਬ ਮੰਡੀ ਬੋਰਡ ਇੰਜੀਨਿਅਰ ਕਰਮਜੀਤ ਸਿੰਘ, ਐਸ.ਡੀ.ਈ. ਪੀ.ਡਬਲਿਊ.ਡੀ. (ਬੀ.ਐਂਡ.ਆਰ) ਨੈਸ਼ਨਲ ਹਾਈਵੇ ਸੰਗਰੂਰ ਟੂ ਪਟਿਆਲਾ ਪਰਤੀਕ ਸਿੰਗਲਾ, ਇੰਚਾਰਜ ਟਰੈਫਿਕ ਪੁਲਿਸ ਹਰਦਿਆਲ ਦਾਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।