*ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਬਾਰੇ ਵੱਡਾ ਖੁਲਾਸਾ, ਜਾਣੋ ਪੂਰੇ ਦਿਨ ਦੀ ਕਹਾਣੀ*

0
96

ਚੰਡੀਗੜ੍ਹ 21,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼: ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡੇ ਖੁਲਾਸੇ ਕੀਤੇ ਹਨ। ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਕਰਮਚਾਰੀਆਂ ਵੱਲੋਂ ਦੋ-ਤਿੰਨ ਵਾਰ ਦਰਸ਼ਨੀ ਡਿਉਢੀ ਤੋਂ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਹੋਰ ਤਾਂ ਹੋਰ ਇੱਕ ਵਾਰ ਟਾਸਕ ਫੋਰਸ ਨੇ ਉਸ ਕੋਲੋਂ ਪੁੱਛ-ਗਿੱਛ ਵੀ ਕੀਤੀ ਸੀ। ਇਸ ਸਭ ਦੇ ਬਾਵਜੂਦ ਸ਼ਾਮ ਨੂੰ ਟਾਸਕ ਫੋਰਸ ਦੀ ਡਿਊਟੀ ਬਦਲਣ ਮਗਰੋਂ ਇਹ ਵਿਅਕਤੀ ਝਕਾਨੀ ਦੇ ਕੇ ਸੱਚਖੰਡ ਦੇ ਅੰਦਰ ਮੁੜ ਦਾਖ਼ਲ ਹੋ ਗਿਆ।

ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਢਲੀ ਪੜਤਾਲ ਮਗਰੋਂ ਕੀਤਾ ਹੈ। ਧਾਮੀ ਨੇ ਕਿਹਾ ਹੈ ਕਿ ਇਸ ਪਿੱਛੇ ਵੱਡੀ ਸਾਜ਼ਿਸ਼ ਹੈ ਤੇ ਜਿਸ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਉਸ ਨੂੰ ਕਮਾਂਡੋ ਟਰੇਨਿੰਗ ਦਿੱਤੀ ਗਈ ਲੱਗਦੀ ਹੈ। ਉਨ੍ਹਾਂ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਘੋਖਣ ਤੋਂ ਬਾਅਦ ਇਹ ਸਾਹਮਣੇ ਆਇਆ ਹੈ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਣ ਤੋਂ ਪਤਾ ਲੱਗਾ ਕਿ ਇਹ ਸ਼ੱਕੀ ਵਿਅਕਤੀ 18 ਦਸੰਬਰ ਨੂੰ ਸਵੇਰੇ ਸਾਢੇ ਅੱਠ ਵਜੇ ਹੈਰੀਟੇਜ ਸਟਰੀਟ ਰਾਹੀਂ ਜੱਲ੍ਹਿਆਂਵਾਲਾ ਬਾਗ ਮਾਰਗ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪੁੱਜਾ ਸੀ। ਉਸ ਨੇ ਘੰਟਾ ਘਰ ਦਰਵਾਜ਼ੇ ਰਾਹੀਂ ਦਾਖ਼ਲ ਹੋਣ ਦਾ ਯਤਨ ਕੀਤਾ ਸੀ ਪਰ ਉਥੇ ਤਾਇਨਾਤ ਸੇਵਾਦਾਰਾਂ ਨੇ ਸ਼ੱਕ ਕਾਰਨ ਉਸ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ।

ਉਹ ਹਰਿ ਕੀ ਪਉੜੀ ਵਲੋਂ ਦਾਖ਼ਲ ਹੋਇਆ ਤੇ ਵਾਪਸ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ’ਤੇ ਚਲਾ ਗਿਆ ਸੀ। ਲਗਪਗ ਇਕ ਘੰਟਾ ਉਹ ਉਪਰ ਹੀ ਰਿਹਾ ਤੇ ਮੌਕੇ ਦੀ ਭਾਲ ਜਾਂ ਰੈਕੀ ਕਰਦਾ ਰਿਹਾ। ਕਰੀਬ ਪੌਣੇ 12 ਵਜੇ ਉਹ ਬਾਹਰ ਨਿਕਲਿਆ ਤੇ ਅਕਾਲ ਤਖ਼ਤ ਦੇ ਸਾਹਮਣੇ ਦਿਖਾਈ ਦਿੱਤਾ। ਕਰੀਬ ਪੌਣੇ ਤਿੰਨ ਵਜੇ ਉਸ ਨੇ ਦਰਸ਼ਨੀ ਡਿਉਢੀ ਰਾਹੀਂ ਅੰਦਰ ਜਾਣ ਦਾ ਯਤਨ ਕੀਤਾ ਪਰ ਸ਼ੱਕੀ ਹਾਲਤ ’ਚ ਦੇਖਦਿਆਂ ਉਥੇ ਤਾਇਨਾਤ ਸੇਵਾਦਾਰ ਨੇ ਉਸ ਨੂੰ ਬਾਹਰ ਕਰ ਦਿੱਤਾ। ਉਸ ਨੇ ਜਦੋਂ ਦੂਜੇ ਰਸਤੇ ਰਾਹੀਂ ਅੰਦਰ ਜਾਣ ਦਾ ਯਤਨ ਕੀਤਾ ਤਾਂ ਉਸ ਨੂੰ ਇਕ ਸ਼ਰਧਾਲੂ ਨੇ ਟਾਸਕ ਫੋਰਸ ਦੇ ਹਵਾਲੇ ਕਰ ਦਿੱਤਾ ਸੀ।

NO COMMENTS