*ਸੋਨੀਆ ਗਾਂਧੀ ਤੱਕ ਮੁੜ ਪਹੁੰਚਿਆ ਪੰਜਾਬ ਕਾਂਗਰਸ ਕਲੇਸ਼, ਹਰੀਸ਼ ਰਾਵਤ ਫਿਰ ਆ ਸਕਦੇ ਚੰਡੀਗੜ੍ਹ*

0
58

ਨਵੀਂ ਦਿੱਲੀ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਮੋਢਿਆਂ ਤੋਂ ਪੰਜਾਬ ਕਾਂਗਰਸ ਵਿੱਚ ਮੱਚੇ ਕਲੇਸ਼ ਦਾ ਜਿੰਨ ਉੱਤਰਨ ਦਾ ਨਾਂ ਨਹੀਂ ਲੈ ਰਿਹਾ। ਉਂਝ ਭਾਵੇਂ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਉੱਤਰਾਖੰਡ ਵਿਧਾਨ ਸਭਾ ਚੋਣਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਅਪੀਲ ਵੀ ਕੀਤੀ ਹੈ ਪਰ ਹਾਈਕਮਾਂਡ ਵੀ ਪੰਜਾਬ ਕਾਂਗਰਸ ਦਾ ਇਲਾਜ ਉਨ੍ਹਾਂ ਦੇ ਹੱਥੋਂ ਹੀ ਕਰਵਾਉਣ ਲਈ ਅੜੀ ਹੋਈ ਹੈ। ਤਾਜ਼ਾ ਘਟਨਾਕ੍ਰਮ ਵਿੱਚ, ਹਾਈਕਮਾਂਡ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਚੰਡੀਗੜ੍ਹ ਪਹੁੰਚਣ ਤੇ ਵਿਰੋਧੀ ਕੈਂਪ ਨਾਲ ਗੱਲਬਾਤ ਕਰਨ ਲਈ ਕਿਹਾ ਹੈ।

ਪਾਰਟੀ ਹਾਈਕਮਾਂਡ ਦੇ ਸੂਤਰਾਂ ਅਨੁਸਾਰ ਨਵੀਂ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲਾਮਬੰਦ ਹੋ ਰਹੇ ਕਈ ਵਿਧਾਇਕਾਂ ਨੇ ਇੱਕ ਵਾਰ ਫਿਰ ਬਾਗ਼ੀ ਰਵੱਈਆ ਵਿਖਾਇਆ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ, ਤਾਂ ਜੋ ਵਿਧਾਇਕਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਮਿਲ ਸਕੇ। ਪਤਾ ਲੱਗਾ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਇਸ ਸਬੰਧੀ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਭੇਜ ਕੇ ਕੈਪਟਨ ਦੀ ਕਾਰਗੁਜ਼ਾਰੀ ਵੱਲ ਉਂਗਲ ਉਠਾਈ ਹੈ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਵਿਧਾਇਕ ਦਲ ਦੀ ਮੀਟਿੰਗ ਸੱਦਣ ਲਈ ਦੋ ਨਿਗਰਾਨ ਚੰਡੀਗੜ੍ਹ ਭੇਜਣ ਦੀ ਮੰਗ ਵੀ ਹਾਈਕਮਾਂਡ ਕੋਲ ਉਠਾਈ ਗਈ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੂੰ ਭੇਜੀ ਗਈ ਚਿੱਠੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੁਆਰਾ ਲਿਖੀ ਗਈ ਹੈ, ਜਿਸ ‘ਤੇ ਬਾਜਵਾ ਨੇ ਵੀਰਵਾਰ ਨੂੰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਕਿਸੇ ਵੀ ਨੇਤਾ ਨੇ ਅਜਿਹੀ ਕਿਸੇ ਚਿੱਠੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਉੱਧਰ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਰਾਵਤ ਨੂੰ ਪੰਜਾਬ ਕਾਂਗਰਸ ਦੇ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਕਿਹਾ ਗਿਆ ਹੈ। ਹਰੀਸ਼ ਰਾਵਤ, ਜੋ 18 ਸਤੰਬਰ ਨੂੰ ਉਤਰਾਖੰਡ ਚੋਣਾਂ ਲਈ ਹਰਿਦੁਆਰ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਵਾਲੇ ਹਨ, ਉਸ ਤੋਂ ਪਹਿਲਾਂ ਚੰਡੀਗੜ੍ਹ ਪਹੁੰਚ ਸਕਦੇ ਹਨ।

ਸੋਨੀਆ ਨੂੰ ਚਿੱਠੀ ਲਿਖਣ ਦੀ ਗੱਲ ‘ਤੇ ਭੜਕੇ ਰੰਧਾਵਾ

ਵੀਰਵਾਰ ਨੂੰ ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਪਟਨ ਵਿਰੋਧੀ ਕੈਂਪ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖਣ ਦੀ ਚਰਚਾ ‘ਤੇ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਗਏ ਤਾਂ ਉਹ ਗੁੱਸੇ ਵਿੱਚ ਆ ਗਏ। ਉਨ੍ਹਾਂ ਪ੍ਰਸ਼ਨ ਦਾ ਸਿੱਧਾ ਜਵਾਬ ਨਹੀਂ ਦਿੱਤਾ ਤੇ ਕਿਹਾ – ਜਿਹੜੀਆਂ ਚਿੱਠੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਸਿਰਫ ਇਹੋ ਕਹਾਂਗਾ ਕਿ ਪੰਜਾਬ ਦੀ ਰਾਜਨੀਤੀ ਨੂੰ ਇੰਨੀ ਗੰਦੀ ਨਾ ਬਣਾਉ ਤੇ ਲੋਕਾਂ ਵਿੱਚ ਸਿਆਸਤਦਾਨਾਂ ਨੂੰ ਬਦਨਾਮ ਨਾ ਕਰੋ।

NO COMMENTS