*ਸੈਸ਼ਨ 2019 ‘ਚ ਬਦਲੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਤੀਜੇ ਗੇੜ ਦੀਆਂ ਬਦਲੀਆਂ ‘ਚ ਮੌਕਾ ਦਿੱਤਾ ਜਾਵੇ: ਡੀਟੀਐੱਫ*

0
16

ਮੋਹਾਲੀ, 6 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਆਨਲਾਈਨ ਤਬਾਦਲਾ ਨੀਤੀ ਦੀ ਨਿਖੇਧੀ ਕਰਦਿਆਂ ਦੱਸਿਆ ਸਿੱਖਿਆ ਵਿਭਾਗ ਵੱਲੋਂ 25 ਜੂਨ 2019 ਵਿੱਚ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਬਣਾਈ ‘ਤਬਾਦਲਾ ਨੀਤੀ’ ਦੇ ਅਨੁਸਾਰ ਕਿਸੇ ਸਕੂਲ ਵਿਚ ਦੋ ਸਾਲ ਦੀ ਠਹਿਰ ਵਾਲੇ ਅਧਿਆਪਕ ਬਦਲੀ ਲਈ ਯੋਗ ਮੰਨੇ ਜਾਂਦੇ ਹਨ ਪਰੰਤੂ ਸ਼ੈਸ਼ਨ 2019-20 ਦੌਰਾਨ ਆਨਲਾਈਨ ਪ੍ਰਕਿਰਿਆ ਰਾਹੀਂ ਹੋਈਆਂ ਬਦਲੀਆਂ ਵਾਲੇ ਅਧਿਆਪਕਾਂ ਨੂੰ ਸ਼ੈਸਨ 2021-22 ਵਿੱਚ ਪਹਿਲੇ ਦੋ ਗੇੜਾਂ ਦੀਆਂ ਬਦਲੀਆਂ ਵਿੱਚ ਮੌਕਾ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਸਾਲ ਬਦਲੀਆਂ ਸਬੰਧੀ ਪਾਲਿਸੀ ਦੇਰੀ ਨਾਲ ਲਾਗੂ ਹੋਣ ਕਾਰਨ ਇਹ ਬਦਲੀਆਂ ਜੁਲਾਈ/ਅਗਸਤ 2019 ਵਿੱਚ ਲਾਗੂ ਹੋਈਆਂ ਸਨ। ਇਸ ਕਰਕੇ 2021-22 ਵਿੱਚ ਪਹਿਲੇ ਦੋ ਗੇੜਾਂ ਦੀਆਂ ਬਦਲੀਆਂ ਵਿੱਚ 2019-20 ਵਿੱਚ ਹੋਈਆਂ ਬਦਲੀਆਂ ਵਾਲੇ ਅਧਿਆਪਕਾਂ ਨੂੰ ਬਦਲੀ ਅਪਲਾਈ ਦਾ ਮੌਕਾ ਨਹੀਂ ਦਿੱਤਾ ਗਿਆ ਕਿਉਂਕਿ ਇਸ ਸ਼ੈਸ਼ਨ ਦੀਆਂ ਬਦਲੀਆਂ ਮਾਰਚ/ਅਪ੍ਰੈਲ ਵਿੱਚ ਹੋਣ ਕਾਰਨ ਠਹਿਰ ਦਾ ਸਮਾਂ ਦੋ ਸਾਲਾਂ ਤੋਂ ਦੋ-ਤਿੰਨ ਮਹੀਨੇ ਘੱਟ ਬਣਦਾ ਸੀ। ਸਿੱਖਿਆ ਵਿਭਾਗ ਵੱਲੋਂ ਪਾਲਿਸੀ ਲਾਗੂ ਕਰਨ ਦੀ ਦੇਰੀ ਅਤੇ ਬਦਲੀਆਂ ਹੋਣ ਦੇ ਸਮੇਂ ਵਿਚ ਇਕਸਾਰਤਾ ਨਾ ਰੱਖਣ ਕਾਰਨ ਸਾਲ 2019 ਬਦਲੀਆਂ ਕਰਵਾਉਣ ਵਾਲੇ ਬਹੁਤ ਸਾਰੇ ਅਧਿਆਪਕਾਂ ਨੂੰ ਪਹਿਲੇ ਦੋ ਗੇੜਾਂ ਦੀਆਂ ਬਦਲੀਆਂ ਵਿੱਚ ਵਿਚਾਰਿਆ ਹੀ ਨਹੀਂ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਧਿਆਪਕ ਜੋ ਆਪਣੇ ਘਰਾਂ ਤੋਂ 200-250 ਕਿ.ਮੀ. ਦੂਰ ਬਾਰਡਰ ਏਰੀਏ ਵਿਚ ਕੰਮ ਕਰਦੇ ਸਨ, ਉਹ 2019 ਵਿਚ ਬਦਲੀ ਹੋਣ ਉਪਰੰਤ ਵੀ ਆਪਣੇ ਪਿੱਤਰੀ ਜਿਲ੍ਹੇ ਵਿੱਚ ਨਹੀਂ ਆ ਸਕੇ। ਬਹੁਤ ਸਾਰੇ ਅਧਿਆਪਕ ਜਿਹੜੇ ਮਿਡਲ ਸਕੂਲਾਂ ਵਿੱਚ ਅੰਗਰੇਜੀ ਤੇ ਹਿਸਾਬ ਦੀਆਂ ਪੋਸਟਾਂ ‘ਤੇ ਕੰਮ ਕਰਦੇ ਸਨ ਜਿਨ੍ਹਾਂ ਨੇ 2019 ਦੀ ਪਾਲਿਸੀ ਮੁਤਾਬਕ ਬਦਲੀਆਂ ਕਰਵਾਈਆਂ ਸਨ ਵਿਭਾਗ ਵੱਲੋਂ ਉਹ ਵੀ ਲਾਗੂ ਨਾ ਕਰਨ ਕਰਕੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੀਟੀਐੱਫ ਦੇ ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਪਾਲਿਸੀ ਲਾਗੂ ਹੋਣ ਦੀ ਮਿਤੀ 25 ਜੂਨ 2019 ਤੋਂ ਹੀ ਅਧਿਆਪਕਾਂ ਦਾ ਸਕੂਲ ਵਿੱਚ ਠਹਿਰ ਦਾ ਸਮਾਂ ਗਿਣਿਆ ਜਾਵੇ, ਸਾਲ 2019 ਵਿਚ ਬਦਲੀ ਕਰਵਾਉਣ ਵਾਲੇ ਜਿਹੜੇ ਅਧਿਆਪਕਾਂ ਦਾ 26 ਜੂਨ 2021 ਨੂੰ ਦੋ ਸਾਲ ਠਹਿਰ ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ 2019 ਵਿੱਚ ਬਦਲੀਆਂ ਕਰਵਾਉਣ ਵਾਲੇ ਜਿਨ੍ਹਾਂ ਦੇ ਜੁਲਾਈ/ਅਗਸਤ ਮਹੀਨੇ ਵਿੱਚ ਦੋ ਸਾਲ ਦੀ ਠਹਿਰ ਪੂਰੀ ਹੋ ਜਾਵੇਗੀ ਉਨ੍ਹਾਂ ਸਭ ਨੂੰ ਬਿਨਾਂ ਕਿਸੇ ਸ਼ਰਤ ਤੋਂ ਤੀਜੇ ਗੇੜ ਦੀਆਂ ਬਦਲੀਆਂ ਦਾ ਮੌਕਾ ਦਿੱਤਾ ਜਾਵੇ, ਭਾਵੇਂ ਉਨ੍ਹਾਂ ਦੀ ਬਦਲੀ ਨੂੰ ਦੋ ਸਾਲ ਪੂਰੇ ਹੋਣ ‘ਤੇ ਲਾਗੂ ਕਰ ਦਿੱਤਾ ਜਾਵੇ ਤਾਂ ਜੋ ਉਹ ਵੀ ਆਪਣੇ ਪਸੰਦੀਦਾ ਸਟੇਸ਼ਨ ‘ਤੇ ਜਾ ਸਕਣ।

NO COMMENTS