ਸਰਦੂਲਗੜ੍ਹ/ਮਾਨਸਾ, 29 ਅਪ੍ਰੈਲ:(ਸਾਰਾ ਯਹਾਂ/ਬੀਰਬਲ ਧਾਲੀਵਾਲ)
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ’ਤੇ ਐਸ.ਡੀ.ਐਮ. ਸਰਦੂਲਗੜ੍ਹ, ਸ੍ਰੀ ਨਿਤੇਸ਼ ਕੁਮਾਰ ਜੈਨ ਦੀ ਅਗਵਾਈ ਵਿਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਰਦੂਲਗੜ੍ਹ ਵਿਖੇ ਲਗਾਤਾਰ ਸਕੂਲੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਲੰਘਣਾਂ ਕਰਨ ਵਾਲੇ ਸਕੂਲੀ ਵਾਹਨਾਂ ਦੇ ਚਲਾਣ ਕੀਤੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸਰਦੂਲਗੜ੍ਹ ਵਿਖੇ 18 ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ ਸਕੂਲੀ ਬੱਸਾਂ ਦੇ 58 ਚਲਾਣ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਦੇ ਡਰਾਇਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲੀ ਵਾਹਨਾਂ ਅੰਦਰ ਲੋੜੀਂਦੀਆਂ ਸਹੂਲਤਾਂ ਪੂਰੀਆਂ ਰੱਖਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੈਨ ਵਿਚ ਮੁਢਲੀਆਂ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਕੈਮਰਾ, ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਉਸ ਉਪਰ ਪੱਟੀ ਵਿੱਚ ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ, ਫਿੱਟਟਨੈਸ ਸਰਟੀਫਿਕੇਟ, ਲੇਡੀਜ਼ ਐਟਡੈਂਟ ਆਦਿ ਸਹੂਲਤਾਂ ਹੋਣੀਆਂ ਲਾਜ਼ਮੀ ਹਨ।
ਉਨ੍ਹਾਂ ਕਿਹਾ ਕਿ ਸੇਫ ਸਕੂਲ ਵਾਹਨ ਦਾ ਅਸਲ ਮਨੋਰਥ ਵਿਦਿਆਰਥੀਆਂ ਨੂੰ ਸੁਰੱਖਿਅਤ ਢੰਗ ਨਾਲ ਘਰਾਂ ਤੋ ਲੈ ਕੇ ਜਾਣਾ ਅਤੇ ਵਾਪਸ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਬੱਸਾਂ ਵਿੱਚ ਸੁਰੱਖਿਆ ਸਬੰਧੀ ਸਾਮਾਨ ਹੋਣਾ ਜ਼ਰੂਰੀ ਹੈ ਅਤੇ ਸਮਰੱਥਾ ਤੋ ਜਿਆਦਾ ਬੱਚੇ ਬੱਸਾਂ ਵਿਚ ਨਾ ਬਿਠਾਏ ਜਾਣ। ਡਰਾਈਵਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ। ਇਨ੍ਹਾਂ ਵਾਹਨਾਂ ਵਿਚ ਲਾਗੂ ਨਿਯਮਾਂ ਦੀ ਅਣਗਹਿਲੀ ਤੇ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਚੈਕਿੰਗ ਟੀਮ ਵਿਚ ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ ਤੋਂ ਰਵਿੰਦਰਪਾਲ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਹਰਦੀਪ ਸ਼ਰਮਾ, ਆਰ.ਟੀ.ਓ. ਦਫ਼ਤਰ ਤੋਂ ਕੁਲਵਿੰਦਰ ਸਿੰਘ, ਏ.ਐਸ.ਆਈ. ਕਿਰਪਾਲ ਸਿੰਘ, ਹੌਲਦਾਰ ਗੁਰਦੀਪ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਸੀ.ਡੀ.ਪੀ.ਓ. ਦਫ਼ਤਰ ਤੋਂ ਸੁਪਰਵਾਈਜ਼ਰ ਚਰਨਜੀਤ ਕੌਰ ਅਤੇ ਵੀਰ ਕੌਰ ਸ਼ਾਮਲ ਸਨ।