*ਸੂਬਾ ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ – ਭਾਕਿਯੂ (ਏਕਤਾ) ਡਕੌਂਦਾ*

0
20

ਮਾਨਸਾ 22 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਵੱਲੋਂ ਮਾਨਸਾ ਬਲਾਕ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਜਿਸ ਵਿੱਚ ਕਿਸਾਨਾਂ ਦੀ ਝੋਨੇ ਦੀ ਚੁਕਾਈ ਦੇ ਸੰਬੰਧ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ । ਭਾਵੇਂ ਐਸਕੇਐਮ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਚਾਰ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਪਰ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਚੁਕਾਈ ਦੀ ਰਫਤਾਰ ਜਿਉਂ ਦੀ ਤਿਉਂ ਬਣੀ ਹੋਈ ਹੈ । ਇਸ ਮੌਕੇ ਬੋਲਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਨਾਲ ਰਾਬਤੇ ਵਿੱਚ ਆਈ ਦੂਰੀ ਦੇ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿੱਲ ਪਾਲਸੀ ਵਿੱਚ ਕੀਤੀ ਦੇਰੀ ਦੇ ਕਾਰਨ ਅੱਜ ਕਿਸਾਨ, ਪੱਲੇਦਾਰ, ਆੜਤੀਏ ਅਤੇ ਸੈਲਰ ਮਾਲਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ 23 ਤਰੀਕ ਤੱਕ ਝੋਨੇ ਦੀ ਚੁਕਾਈ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ 24 ਤਰੀਕ ਦੇ ਐਸਕੇਐਮ ਦੇ ਸੱਦੇ ਨੂੰ ਜੋਰ ਸ਼ੋਰ ਨਾਲ ਲਾਗੂ ਕੀਤਾ ਜਾਵੇਗਾ । ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਪੂਰੀ ਤਰਾਂ ਫੇਲ ਸਿੱਧ ਹੋਈ ਹੈ । ਉਨ੍ਹਾਂ ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਕੀਤੀਆਂ ਰੈੱਡ ਐਟਰੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਜ਼ੋਰ ਜਬਰੀ ਕਰਨ ਦੀ ਬਜਾਏ ਪਰਾਲੀ ਦੇ ਪ੍ਰਬੰਧਨ ਦਾ ਠੋਸ ਹੱਲ ਕਰੇ । ਮੰਡੀਆਂ ਦੇ ਦੌਰੇ ਮੌਕੇ ਜਥੇਬੰਦੀ ਨੂੰ ਭਰਮਾ ਹੁੰਗਾਰਾ ਮਿਲਿਆ ਅਤੇ ਪਿੰਡ ਬੁਰਜ ਰਾਠੀ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਜਥੇਬੰਦੀ ਦਾ ਪੱਲਾ ਫੜਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਭੈਣੀ ਬਾਘਾ, ਮਹਿੰਦਰ ਸਿੰਘ ਬੁਰਜਰਾਠੀ, ਜਸਵਿੰਦਰ ਸਿੰਘ ਖੜਕ ਸਿੰਘ ਵਾਲਾ, ਮੰਦਰ ਸਿੰਘ, ਬਲਵਿੰਦਰ ਸਿੰਘ, ਕਾਕਾ ਸਿੰਘ, ਅਜੈਬ ਸਿੰਘ, ਅਮਰੀਕ ਸਿੰਘ, ਬਾਬੂ ਸਿੰਘ, ਅਜਮੇਰ ਸਿੰਘ, ਓਮਕਾਰ, ਸੁੱਖੀ ਸ਼ਰਮਾਂ, ਅਮਰਜੀਤ ਸਿੰਘ, ਕਾਹਨ ਸ਼ਰਮਾਂ, ਇੰਦਰਜੀਤ ਸਿੰਘ, ਕੌਰੀ ਸਿੰਘ, ਨਾਜਰ ਸਿੰਘ ਆਦਿ ਹਾਜ਼ਰ ਰਹੇ ।

NO COMMENTS