*ਸੁਵਿਧਾ ਕੇਂਦਰ ਟੋਕਨਾ ਦੀ ਆੜ ਚ ਬਾਹਰ ਹੁੰਦੀ ਹੈ ਲੋਕਾਂ ਦੀ ਅੰਨ੍ਹੀ ਲੁੱਟ*

0
218

ਬੁਢਲਾਡਾ 29 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ ): ਆਮ ਲੋਕਾਂ ਨੂੰ ਸਰਟੀਫਿਕੇਟ ਬਣਵਾਉਣ ਅਤੇ ਹੋਰ ਕਾਗਜ਼ੀ ਕੰਮਾਂ ਨੂੰ ਸੁਖਾਲਾ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਖੋਲ੍ਹੇ ਗਏ ਸੇਵਾ ਕੇਂਦਰ ਅਤੇ ਸੁਵਿਧਾ ਕੇਂਦਰ ਲੋਕਾਂ ਲਈ ਦੁਵਿਧਾ ਦਾ ਕੇਂਦਰ ਬਣ ਕੇ ਰਹਿ ਗਏ ਹਨ। ਜਿੱਥੇ ਆਮ ਹੀ ਆਏ ਦਿਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਈ ਦਿਨਾਂ ਤੋਂ ਲੋਕਾਂ ਨੂੰ ਸੇਵਾ ਕੇਂਦਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ, ਪਰ ਉਨ੍ਹਾਂ ਦੇ ਕੰਮ ਫੇਰ ਵੀ ਨਹੀ ਹੋ ਰਹੇ। ਸੇਵਾ ਕੇਂਦਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਪਹਿਲਾਂ ਲੋਕਾਂ ਨੂੰ ਆਨਲਾਈਨ ਟੋਕਨ ਲੈ ਕੇ ਆਪਣੀ ਵਾਰੀ ਲਗਾਉਣੀ ਪੈਂਦੀ ਹੈ। ਸੇਵਾ ਕੇਂਦਰ ਵਿੱਚ ਇੱਕ ਦਿਨ ਵਿੱਚ ਸਿਰਫ਼ ਚਾਲੀ ਪੰਜਾਹ ਟੋਕਨਾਂ ‘ਤੇ ਹੀ ਕੰਮ ਕੀਤਾ ਜਾਂਦਾ ਹੈ, ਜਦਕਿ ਕੰਮ ਕਰਵਾਉਣ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਆਮ ਦੇਖਣ ਨੂੰ ਨਜ਼ਰ ਆਉਂਦੀਆਂ ਹਨ, ਜਿਸ ਕਰਕੇ ਸੇਵਾ ਕੇਂਦਰਾਂ ਵਿੱਚ ਭੀੜ ਬਹੁਤ ਜ਼ਿਆਦਾ ਰਹਿੰਦੀ ਹੈ। ਇਕ ਪਾਸੇ ਤਾਂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਕਰਕੇ ਕੋਰੋਨਾ ਇਤਿਹਾਤਾ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਕਿਹਾ ਗਿਆ ਹੈ ਅਤੇ ਸੋਸ਼ਲ ਡਿਸਟੈਂਸ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਦੂਸਰੇ ਪਾਸੇ ਸਰਕਾਰ ਦੇ ਆਪਣੇ ਹੀ ਸਰਕਾਰੀ ਕੇਂਦਰਾਂ ਵਿੱਚ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਅਤੇ ਭੀੜ ਭੜੱਕੇ ਦੇ ਚੱਲਦਿਆਂ ਕਰੋਨਾਂ ਹਦਾਇਤਾਂ ਦੀਆਂ ਧੱਜਿਆ ਉੱਡਦੀਆਂ ਹੋਈਆਂ ਆਮ ਦੇਖੀਆਂ ਜਾ ਸਕਦੀਆਂ ਹਨ, ਜਿਸ ਵੱਲ ਸਰਕਾਰ ਅਤੇ ਸਿਹਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ। ਲੋਕ ਆਪਣਾਂ ਟੋਕਨ ਲਵਾਉਣ ਲਈ ਸਵੇਰ 5 ਵਜੇ ਹੀ ਸੁਵਿਧਾ ਕੇਂਦਰ ਦੇ ਬਾਹਰ ਲਾਈਨਾਂ ਲੱਗਾ ਕੇ ਖੜ ਜਾਂਦੇ ਹਨ। ਇਸ ਸੰਬੰਧੀ ਜਦੋਂ ਸੇਵਾ ਕੇਂਦਰ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਜ਼ਰੂਰੀ ਸਰਟੀਫਿਕੇਟ ਬਣਵਾਉਣ ਲਈ ਸੇਵਾ ਕੇਂਦਰ ਵਿਚ ਚੱਕਰ ਲਗਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਹੀ ਸਵੇਰ, ਦੁਪਹਿਰ, ਸ਼ਾਮ ਵੇਲੇ ਜਦੋਂ ਵੀ ਸੇਵਾ ਕੇਂਦਰ ‘ਚ ਆਪਣੇ ਕੰਮ ਕਰਵਾਉਂਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਹਨ ਤਾਂ ਇੱਥੇ ਪਹਿਲਾਂ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਬਿਨਾਂ ਕੰਮ ਹੋਏ ਹੀ ਵਾਪਸ ਮੁੜਨਾ ਪੈਂਦਾ ਹੈ। ਆਨਲਾਈਨ ਟੋਕਨ ਦੇ ਵਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਬਾਹਰ ਤੋਂ ਆਨਲਾਈਨ ਟੋਕਨ ਲੈਣ ਦੇ ਲਈ ਮੋਟੀ ਰਕਮ ਖ਼ਰਚਣੀ ਪੈਦੀ ਹੈ।, ਪਰ ਜਦੋਂ ਆਪਣੇ ਨਿਰਧਾਂਰਿਤ ਸਮੇਂ ‘ਤੇ ਸੁਵਿਧਾ ਕੇਂਦਰ ਵਿਖੇ ਪਹੁੰਚਦੇ ਹਨ ਤਾਂ ਸਿਸਟਮ ਡਾਊਨ ਦੇ ਚੱਲਦਿਆਂ ਉਨ੍ਹਾਂ ਨੂੰ ਵਾਪਸ ਮੁੜਣਾ ਪੈਂਦਾ ਹੈ ਅਤੇ ਅਗਲੇ ਦਿਨ ਲਈ ਦੁਬਾਰਾਂ ਤੋਂ ਆਨਲਾਇਨ ਟੋਕਨ ਲੈਣਾ ਪੈਦਾ ਹੈ, ਜਿਸ ਨਾਲ ਸੁਵਿਧਾ ਕੇਂਦਰ ਦੇ ਬਾਹਰ ਬੈਠੇ ਇੰਟਰਨੈੱਟ ਕੈਫੇ ਵਾਲੇ ਗਰੀਬ ਲੋਕਾਂ ਦੀ ਮੋਟੀ ਲੁੱਟ ਖਸੁਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਪੰਜ ਪੰਜ ਪਿੰਡਾਂ ਲਈ ਖੋਲ੍ਹੇ ਗਏ ਸੇਵਾ ਕੇਂਦਰਾਂ ਨੂੰ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਬੰਦ ਕਰ ਦਿੱਤਾ ਗਿਆ ਸੀ, ਜੋ ਕਿ ਹੁਣ ਉਹ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ। ਲੋਕਾਂ ਦੀ ਮੰਗ ਹੈ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਦੇ ਕੰਮ ਜਲਦੀ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਰਕਾਰ ਵੱਲੋਂ ਬੰਦ ਕੀਤੇ ਗਏ ਪਿੰਡਾਂ ਦੇ ਸੇਵਾ ਕੇਂਦਰਾਂ ਨੂੰ ਵੀ ਖੋਲ੍ਹਿਆ ਜਾਵੇ।I ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਕਾਊਂਟਰ ਵੀ ਵਧਾਏ ਜਾਣ ਅਤੇ ਮੁਲਾਜ਼ਮਾਂ ਦੀ ਨਵੀਂ ਭਰਤੀ ਕਰਕੇ ਜ਼ਿਆਦਾ ਮੁਲਾਜ਼ਮਾਂ ਨੂੰ ਸੇਵਾ ਕੇਂਦਰ ਵਿੱਚ ਤਾਇਨਾਤ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਕੰਮ ਸਮੇਂ ਸਿਰ ਹੋ ਸਕਣ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਦਫਤਰ ਵਿੱਚੋਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਉਹ ਜਲਦ ਹੀ ਇਸ ਦਾ ਹੱਲ ਕਰਵਾਕੇ ਲੋਕਾਂ ਨੂੰ ਆ ਰਹੀਆਂ ਮੁੱਸਕਿਲਾਂ ਤੋਂ ਨਿਜਾਤਦਿਵਾਈ ਜਾਵੇਗੀ।

NO COMMENTS