*ਸੁਖਬੀਰ ਬਾਦਲ ਨੇ ਮੋਦੀ ਨੂੰ ਲਿਖੀ ਚਿੱਠੀ,ਖਰਾਬ ਵੈਂਟੀਲੇਟਰਾਂ ਦੀ ਜਾਂਚ ਦੇ ਹੁਕਮ ਦੇਵੇ ਕੇਂਦਰ ਸਰਕਾਰ*

0
10

ਚੰਡੀਗੜ੍ਹ 12,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੀ ਐਮ ਕੇਅਰਜ਼ ਫੰਡ ਤਹਿਤ ਨੁਕਸਦਾਰ ਵੈਂਟੀਲੇਟਰਾਂ ਦੀ ਖਰੀਦ ਦੀ ਜਾਂਚ ਦੇ ਹੁਕਮ ਦੇਣ। ਮੀਡੀਆ ਰਿਪੋਰਟਾਂ ਵਿਚ ਸਾਹਮਣੇ ਆਇਆ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਫੰਡ ਤਹਿਤ ਪ੍ਰਾਪਤ ਹੋਏ 80 ਵਿਚੋਂ 71 ਵੈਂਟੀਲੇਟਰ ਖਰਾਬ ਹਨ।

ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ, “ਮੈਨੂੰ ਯਕੀਨ ਹੈ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਖਰਾਬ ਤੇ ਮਾੜੀ ਕਵਾਲਟੀ ਦੇ ਵੈਂਟੀਲੇਟਰ ਕੌਮੀ ਸਿਹਤ ਐਮਰਜੰਸੀ ਵੇਲੇ ਸਪਲਾਈ ਕਰਨਾ ਇਕ ਫੌਜਦਾਰੀ ਅਪਰਾਧ ਹੈ। ਇਸ ਲਈ ਜ਼ਿੰਮੇਵਾਰ ਕੰਪਨੀ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।”

ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ “ਸਾਰੇ ਖਰੀਦ ਆਰਡਰ ਦੀ ਜਾਂਚ ਵੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਪਤਾ ਲਾਇਆ ਜਾਣਾ ਅਹਿਮੀਅਤ ਰੱਖਦਾ ਹੈ ਕਿ ਕੀ ਨੁਕਸਦਾਰ ਵੈਂਟੀਲੇਟਰ ਜਾਣ ਬੁੱਝ ਕੇ ਖਰੀਦੇ ਗਏ ਕਿਉਂਕਿ ਸਾਰੇ ਮਾਮਲੇ ਵਿਚੋਂ ਵੱਡੇ ਘੁਟਾਲੇ ਦੀ ਬਦਬੂ ਆ ਰਹੀ ਹੈ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ਾਂ ਦੀ ਜਾਨ ਖਤਰੇ ਵਿਚ ਪਾਉਣ ਲਈ ਜ਼ਿੰਮੇਵਾਰ ਲੋਕਾਂ ਭਾਵੇਂ ਉਹ ਕਿੰਨੇ ਹੀ ਵੱਡੇ ਕਿਉਂ ਨਾ ਹੋਣ, ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”

ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਪੀ ਐਮ ਕੇਅਰਜ਼ ਤਹਿਤ ਸਾਰੀ ਖਰੀਦ ਦੀ ਪ੍ਰਕਿਰਿਆ ਵੀ ਸਖ਼ਤ ਕੀਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਕੇਂਦਰ ਸਰਕਾਰ ਨੇ ਆਪਣੇ ਆਰਡਰਾਂ ਵਿਚ ਕੀਤਾ ਹੈ। ਉਹਨਾਂ ਕਿਹਾ ਕਿ ਪੀ ਐਮ ਕੇਅਰਜ਼ ਤਹਿਤ ਖਰੀਦਿਆ ਸਾਰਾ ਮੈਡੀਕਲ ਸਾਜੋ ਸਮਾਨ ਕੌਮਾਂਤਰੀ ਮਿਆਰ ਦਾ ਹੋਣਾ ਚਾਹੀਦਾ ਹੈ ਤੇ ਇਹ ਗਲੋਬਲ ਟੈਂਡਰ ਲਗਾ ਕੇ ਹੀ ਖਰੀਦਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੀ ਮੈਡੀਕਲ ਖਰੀਦ ਲਈ ਮਿਆਰ ਦੀਆਂ ਸਖ਼ਤ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਮਰੀਜ਼ਾਂ ਦੀ ਜਾਨ ਕਿਸੇ ਵੀ ਹਾਲਤ ਵਿਚ ਜ਼ੋਖ਼ਮ ਵਿਚ ਨਾ  ਪਵੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਇਹ ਵੀ ਕਿਹਾ ਕਿ ਨੁਕਸਦਾਰ ਵੈਂਟੀਲੇਟਰਾਂ ਦੇ ਕਾਰਨ ਪੰਜਾਬ ਵਿਚ ਜਾਨਾਂ ਗਈਆਂ ਹਨ  ਤੇ ਇਸ ਨਾਲ ਕੋਰੋਨਾ ਮਹਾਮਾਰੀ ਖਿਲਾਫ ਦੇਸ਼ ਦੀ ਜੰਗ ਵਿੱਚ ਵੀ ਵਿਘਨ ਪਿਆ ਹੈ। 

NO COMMENTS