ਨਵੀਂ ਦਿੱਲੀ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਾਜ਼ੀਪੁਰ ਬਾਰਡਰ ਪਹੁੰਚੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਟਿਕੈਤ ਨੂੰ ਸਿਰੋਪਾਓ ਭੇਟ ਕੀਤਾ। ਸੁਖਬੀਰ ਬਾਦਲ ਨੇ ਆਪਣੇ ਹੱਥਾਂ ਨਾਲ ਰਾਕੇਸ਼ ਟਿਕੈਤ ਨੂੰ ਸ੍ਰੀ ਹਰਿਮੰਦਿਰ ਸਾਹਿਬ, ਅੰਮ੍ਰਿਤਸਰ ਤੋਂ ਲਿਆਂਦਾ ਜਲ ਦਿੱਤਾ।
ਸੁਖਬੀਰ ਬਾਦਲ ਨੇ ਟਿਕੈਤ ਨੂੰ ਹਮਾਇਤ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਨਾਂ ਦੀਆਂ ਸੁਣਨ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਅਤੇ ਰਾਜਸਥਾਨ ਦੇ ਕਿਸਾਨ ਇਕੱਠੇ ਹੋਏ ਹਨ ਅਤੇ ਇਕੱਠੇ ਰਹਿ ਕੇ ਇਹ ਲੜਾਈ ਲੜਨਗੇ।
ਰਾਕੇਸ਼ ਟਿਕੈਤ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ, ‘ਮੈਂ ਅੱਜ ਦੇਸ਼ ਭਰ ਦੇ ਕਿਸਾਨਾਂ ਦੀ ਤਰਫੋਂ ਰਾਕੇਸ਼ ਟਿਕੈਤ ਨੂੰ ਵਧਾਈ ਦੇਣ ਆਇਆ ਹਾਂ, ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਟਿਕੈਤ ਨੇ ਮਿਲ ਕੇ ਕਿਸਾਨਾਂ ਲਈ ਲੜਾਈ ਲੜੀ, ਸਾਡੀ ਪਾਰਟੀ ਅਤੇ ਸਾਰੇ ਕਿਸਾਨ ਉਨ੍ਹਾਂ ਦੇ ਨਾਲ ਹਨ।