*ਸੁਖਬੀਰ ਬਾਦਲ ਦੀ ਕੇਜਰੀਵਾਲ ਨੂੰ ਸਲਾਹ, ਸਤਲੁਜ ਯਮੁਨਾ ਲਿੰਕ ਨਹਿਰ ’ਤੇ ਰਾਜਨੀਤੀ ਨਾ ਕਰਨ*

0
10

ਚੰਡੀਗੜ੍ਹ 20,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼):: ਆਮ ਆਦਮੀ ਪਾਰਟੀ ਦੇ ਰਾਜ ਸਭਾ ਐਮਪੀ ਸੁਸ਼ੀਲ ਗੁਪਤਾ ਦੇ ਬਿਆਨ ਮਗਰੋਂ SYL ਨੂੰ ਲੈ ਕੇ ਆਪ ਲਗਾਤਾਰ ਘਿਰਦੀ ਜਾ ਰਹੀ ਹੈ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੁੰ ਸਤਲੁਜ ਯਮੁਨਾ ਲਿੰਕ ਨਹਿਰ ਦੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੱਤੀ।ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੁੰ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਨੁੰ ਅਪੀਲ ਕਰਨ ਕਿ ਉਹ ਹਰਿਆਣਾ ਦੇ ਲੋਕਾਂ ਨੁੰ ਇਸ ਮਾਮਲੇ ਵਿਚ ਦਿੱਤੀ ਗਰੰਟੀ ਵਾਪਸ ਲੈਣ। 

ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ “ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਤੋਂ ਆਪਣੀ ਰਵਾਇਤ ਮੁਤਾਬਕ ਪੰਜਾਬੀਆਂ ਨੁੰ ਮੂਰਖ ਬਣਾਉਣਾ ਸ਼ੁਰੂ ਕਰ ਦਿੱਤਾ ਹੈ।” ਉਹਨਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਹੁਣ ਐਲਾਨ ਕੀਤਾ ਹੈ ਕਿ ਸੁਬੇ ਦੇ ਦਰਿਆਈ ਪਾਣੀ ਹਰਿਆਣਾ ਨਹੀਂ ਜਾਣ ਦਿੱਤੇ ਜਾਣਗੇ ਜਦੋਂ ਕਿ ਇਸਦੇ ਰਾਜ ਸਭਾ ਮੈਂਬਰ ਨੇ ਹਰਿਆਣਾ ‘ਚ ਕੇਜਰੀਵਾਲ ਵੱਲੋਂ ਗਰੰਟੀ ਦਿੱਤੀ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਰਾਹੀਂ ਪਾਣੀ ਹਰ ਖੇਤ ਤੱਕ ਪਹੁੰਚਦਾ ਕੀਤਾ ਜਾਵੇਗਾ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ “ਆਮ ਆਦਮੀ ਪਾਰਟੀ ਦੇ ਇਸ ਰਵੱਈਏ ਕਾਰਨ ਸਾਰੇ ਖੇਤਰ ਵਿਚ ਭਾਵਨਾਵਾਂ ਭੜਕ ਸਕਦੀਆਂ ਹਨ।ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਨੂੰ ਪੰਜਾਬੀਆਂ ਦੀ ਕਮਜ਼ੋਰੀ ਸਮਝਿਆ ਜਾ ਰਿਹਾ ਹੈ। ਅਜਿਹਾ ਜਾਪਦਾ ਹੈ ਕਿ ਭਗਵੰਤ ਮਾਨ ਨੁੰ ਕੇਜਰੀਵਾਲ ਦੇ ਮਨਸੂਬਿਆਂ ਦਾ ਪਤਾ ਸੀ ਜੋ ਉਹਨਾਂ ਵੱਲੋਂ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਹਰਿਆਣਾ ਤੇ ਦਿੱਲੀ ਲਈ ਐਸ ਵਾਈ ਐਲ ਰਾਹੀਂ ਪਾਣੀ ਮੰਗਣ ਤੋਂ ਜੱਗ ਜਾਹਰ ਹੋ ਗਏ ਸਨ।”

ਉਹਨਾਂ ਕਿਹਾ ਕਿ “ਜੇਕਰ ਭਗਵੰਤ ਮਾਨ ਨੇ ਮਾਮਲੇ ਵਿਚ ਦਖਲ ਦੇ ਕੇ ਕੇਜਰੀਵਾਲ ਨੂੰ ਆਪਣੀ ਪਾਰਟੀ ਵੱਲੋਂ ਹਰਿਆਣਾ ਦੇ ਲੋਕਾਂ ਨੂੰ ਦਿੱਤੀ ਗਰੰਟੀ ਵਾਪਸ ਲੈਣ ਲਈ ਨਾ ਕਿਹਾ ਤਾਂ ਫਿਰ ਉਹ ਇਸ ਮਾਮਲੇ ’ਤੇ ਪੰਜਾਬੀਆਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਕਿਉਂਕਿ ਪੰਜਾਬੀ ਪਾਣੀ ਦੀ ਇਕ ਬੂੰਦ ਵੀ ਹਰਿਆਣਾ ਨਹੀਂ ਜਾਣ ਦੇਣਗੇ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ, ਐਸ ਵਾਈ ਐਲ ਦਾ ਮਾਮਲਾ 2016 ਵਿਚ ਹੀ ਉਦੋਂ ਹਮੇਸ਼ਾ ਲਈ ਮੁੱਕ ਗਿਆ ਸੀ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਨਹਿਰ ਲਈ ਐਕਵਾਇਰ ਕੀਤੀ ਸਾਰੀ ਜ਼ਮੀਨ ਨੁੰ ਡੀਨੋਟੀਫਾਈ ਕਰ ਕੇ ਕਿਸਾਨਾਂ ਨੂੰ ਜ਼ਮੀਨ ਵਾਪਸ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਨਹਿਰ ਉਸਾਰਨ ਵਾਸਤੇ ਕੋਈ ਜ਼ਮੀਨ ਨਹੀਂ ਹੈ। ਇਸ ਲਈ ਹਰਿਆਣਾ ਲਈ ਨਹਿਰ ਤੋਂ ਪਾਣੀ ਲੈਣ ਦੀਆਂ ਗੱਲਾਂ ਕਰਨਾ ਦਿਨ ਵੇਲੇ ਸੁਫਨੇ ਵੇਖਣ ਵਾਲੀ ਗੱਲ ਹੈ।

NO COMMENTS