ਲੁਧਿਆਣਾ (ਸਾਰਾ ਯਹਾਂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਲੁਧਿਆਣਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਈ ਅਹਿਮ ਮੁੱਦਿਆਂ ‘ਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸੁੱਖੀ ਰੰਧਾਵਾ ਅਰੂਸਾ ਆਲਮ ਦੀ ਜਾਂਚ ਕਰਵਾਉਣ ਦੀ ਗੱਲ ਕਹਿ ਰਹੇ ਹਨ ਪਰ ਜਦੋਂ ਕੈਪਟਨ ਦੇ ਕਾਰਜਕਾਲ ਦੌਰਾਨ ਮੰਤਰੀ ਸਨ, ਉਦੋਂ ਕੁਝ ਕਿਉਂ ਨਹੀਂ ਬੋਲੇ। ਸੁਖਬੀਰ ਬਾਦਲ ਨੇ ਕਿਹਾ ਕਿ ਉਦੋਂ ਸੁਖੀ ਰੰਧਾਵਾ ਕੈਪਟਨ ਦੇ ਨਾਲ ਰਹਿੰਦੇ ਸਨ ਤੇ ਸਭ ਤੋਂ ਵੱਧ ਅਕਾਲੀ ਦਲ ਖਿਲਾਫ ਬੋਲਦੇ ਸਨ।
ਸੁਖਬੀਰ ਬਾਦਲ ਨੇ ਵੀ ਕਿਹਾ ਕਿ ਜਿੰਨੇ ਵੀ ਪੰਜਾਬ ਵਿੱਚ ਗੈਂਗਸਟਰ ਹਨ, ਉਹ ਸੁਖੀ ਰੰਧਾਵਾ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਬੀਜ ਘੁਟਾਲਾ ਤੇ ਹੋਰ ਵੀ ਵੱਡੇ ਘਪਲੇ ਸੁੱਖੀ ਰੰਧਾਵਾ ਵੇਲੇ ਹੀ ਹੋਏ ਸੀ। ਉਧਰ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਚੰਨੀ ਨੇ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ। ਸਿਰਫ ਫੋਟੋਆਂ ਹੀ ਖਿੱਚਵਾਈਆਂ ਹਨ।
ਉਨ੍ਹਾਂ ਕਿਹਾ ਕਿ ਖੇਤੀ ਕਨੂੰਨ ਕਾਂਗਰਸ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਤੇ ਨਵਜੋਤ ਸਿੱਧੂ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਦੀ ਗੱਲ ਕਹਿ ਰਹੇ ਹਨ। ਜੇਕਰ ਹੱਲ ਕਰਵਾ ਸਕਦੇ ਸਨ ਤਾਂ ਇੰਨੇ ਕਿਸਾਨ ਕਿਉਂ ਬਾਰਡਰ ਉਪਰ ਸ਼ਹੀਦ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਦੀ ਮਰਜ਼ੀ ਹੈ, ਉਹ ਜਿੰਨੀਆਂ ਮਰਜ਼ੀਆਂ ਪਾਰਟੀਆਂ ਬਣਾ ਲੈਣ ਪਰ ਮੁੱਖ ਪਾਰਟੀ ਅਕਾਲੀ ਦਲ ਹੀ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਪਾਰਟੀਆਂ ਬਣਨਗੀਆਂ, ਉਨ੍ਹਾਂ ਨੇ ਵਿਰੋਧ ਅਕਾਲੀ ਦਲ ਦਾ ਹੀ ਕਰਨਾ ਹੈ।
ਸੁਖਬੀਰ ਬਾਦਲ ਨੇ ਸੀਬੀਐਸਈ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰੀਖੀਆ ਸੂਚੀ ਵਿੱਚੋਂ ਬਾਹਰ ਕੱਢਣ ਦੇ ਮੁੱਦੇ ‘ਤੇ ਵੀ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕੇਂਦਰ ਦੇ ਫ਼ੈਸਲੇ ਦਾ ਵਿਰੋਧ ਹੀ ਨਹੀਂ ਕਰ ਰਹੇ।