ਸੁਖਬੀਰ ਬਾਦਲ ਤੁਰੰਤ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇ-ਤਿ੍ਰਪਤ ਬਾਜਵਾ

0
21

ਚੰਡੀਗੜ, 27 ਸਤੰਬਰ(ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਆਪਣੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਪਾਰਟੀ ਮੋਦੀ ਸਰਕਾਰ ਵਿਚ ਲੰਬੇ ਸਮੇਂ ਤੋਂ ਭਾਈਵਾਲ ਹੋਣ ਦੇ ਬਾਵਜੂਦ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਬੁਰੀ ਤਰਾਂ ਫੇਲ ਹੋਈ ਹੈ। ਉਸ ਨੂੰ ਹੁਣ ਕੋਈ ਨੈਤਿਕ ਅਤੇ ਸਿਆਸੀ ਹੱਕ ਨਹੀਂ ਹੈ ਕਿ ਉਹ ਆਪਣੇ ਅਹੁਦੇ ਉੱਤੇ ਕਾਇਮ ਰਹੇ।
ਸ਼੍ਰੀ ਬਾਜਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਕੇ ਕੌਮੀ ਜਮਹੂਰੀ ਗਠਜੋੜ ਵਿਚੋਂ ਬਾਹਰ ਆਉਣ ਦਾ ਫੈਸਲਾ ਦਰਅਸਲ ਅਕਾਲ਼ੀ ਦਲ ਦਾ ‘‘ਕਬੂਲਨਾਮਾ’’ ਹੈ ਕਿ ਉਹ ਹੁਣ ਤੱਕ ਮੁਲਕ ਵਿਚ ਹਕੀਕੀ ਫੈਡਰਲ ਢਾਂਚਾ ਲਾਗੂ ਕਰਨ, ਰਾਇਪੇਰੀਅਨ ਸਿਧਾਂਤ ਤੇ ਬੇਸਨ ਸਿਧਾਂਤ ਅਨੁਸਾਰ ਦਰਿਆਈ ਪਾਣੀਆਂ ਦੀ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ ਪੰਜਾਬ ਨੂੰ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਦੇਣ ਅਤੇ ਸਜ਼ਾਵਾਂ ਭੁਗਤਣ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲਾਂ ਵਿਚ ਸੜ ਰਹੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਲੜਾਈ ਲੜਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਦੀ ਹੀ ਪੂਰਤੀ ਤੱਕ ਹੀ ਸੀਮਤ ਰਹੀ ਹੈ।
ਪੰਚਾਇਤ ਮੰਤਰੀ ਨੇ ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਕਿਸੇ ਅਸੂਲਪ੍ਰਸਤੀ ਜਾਂ ਨੈਤਿਕਤਾ ਵਿਚੋਂ ਨਹੀਂ ਤੋੜਿਆ ਸਗੋਂ ਸਿਆਸੀ ਮਜ਼ਬੂਰੀ ਕਾਰਨ ਤੋੜਿਆ ਹੈ ਕਿਉਂਕਿ ਪੰਜਾਬੀਆਂ ਨੇ ੨੫ ਸਤੰਬਰ ਨੂੰ ਅਕਾਲੀ ਦਲ ਵਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕਰ ਕੇ ਇਹ ਦਰਸਾ ਦਿੱਤਾ ਕਿ ਉਹ ਹੁਣ ਅਕਾਲੀਆਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਪੰਜਾਬੀਆਂ ਦੇ ਸੱਤਵੇਂ ਅਸਮਾਨ ਚੜੇ ਰੋਹ ਅਤੇ ਜੋਸ਼ ਨੇ ਅਕਾਲੀ ਲੀਡਰਸ਼ਿਪ ਦੀ ਹੋਸ਼ ਟਿਕਾਣੇ ਲਿਆਂਦੀ ਅਤੇ ਉਸ ਨੂੰ ਮਜ਼ਬੂਰਨ ਕਿਸਾਨ ਮਾਰੂ ਬਿਲਾਂ ਦੀ ਹਿਮਾਇਤ ਦਾ ਪਿਛਲੇ ਚਾਰ ਮਹੀਨਿਆਂ ਤੋਂ ਅਲਾਪਿਆ ਜਾ ਰਿਹਾ ਘਰਾਟ ਰਾਗ ਛੱਡ ਕੇ ਮੋਦੀ ਸਰਕਾਰ ਵਿਚੋਂ ਵੀ ਬਾਹਰ ਆਉਣਾ ਪਿਆ ਅਤੇ ਭਾਜਪਾ ਨਾਲੋਂ ਵੀ ਆਪਣਾ ‘‘ਨਹੁੰ-ਮਾਸ ਵਾਲਾ ਰਿਸ਼ਤਾ’’ ਤੋੜਣਾ ਪਿਆ। ਅਕਾਲੀ ਦਲ ਦੀ ਹਾਲਤ ਹੁਣ ‘‘ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਹੂਏ’’ ਵਾਲੀ ਹੋ ਗਈ ਹੈ।
ਸ਼੍ਰੀ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਿਆਸੀ ਦੋਗਲੀ ਰਾਜਨੀਤੀ ਜਦੋਂ ਹੁਣ ਖੇਤੀ ਬਿਲਾਂ ਦੇ ਮਾਮਲੇ ਉੱਤੇ ਬਿਲਕੁਲ ਹੀ ਬੇਪਰਦ ਹੋ ਗਈ ਤਾਂ ਇਸ ਉੱਤੇ ਮੁੜ ਪਰਦਾਪੋਸ਼ੀ ਕਰਨ ਲਈ ਹੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਨੇ ਪਹਿਲਾਂ ਮੋਦੀ ਸਰਕਾਰ ਵਿਚੋਂ ਬਾਹਰ ਆਉਣ ਅਤੇ ਹੁਣ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਣ ਦਾ ਫੈਸਲਾ ਕਰਨ ਦੇ ਪਾਪੜ ਵੇਲ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਖੇਤੀ ਆਰਡੀਨੈਂਸ ਦੇ ਹੱਕ ਵਿਚ ਬਿਆਨ ਦੁਆ ਕੇ ਉਹਨਾਂ ਦੇ ਵਕਾਰ ਨੂੰ ਢਾਹ ਲਾਈ।
ਪੰਚਾਇਤ ਮੰਤਰੀ ਨੇ ਅਕਾਲੀ ਲੀਡਰਸ਼ਿਪ ਨੂੰ ਪੱਛਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ ਨੂੰ ਖੇਤੀ ਆਰਡੀਨੈਂਸਾਂ ਸਬੰਧੀ ਗੁੰਮਰਾਹ ਕਰ ਰਹੇ ਸਨ ਤਾਂ ਹੁਣ ਤੁਹਾਨੂੰ ਕੌਣ ਗੁੰਮਰਾਹ ਕਰ ਰਿਹਾ ਹੈ? ਉਹਨਾਂ ਕਿਹਾ ਕਿ ਅਕਾਲੀ ਆਗੂ ਦਸਣ ਕਿ ਜਿਹੜੇ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ ਵਿਚ ਸਨ ਉਹੀ ਆਰਡੀਨੈਂਸ ਕਾਨੂੰਨ ਬਣਨ ਸਮੇਂ ਰਾਤੋ ਰਾਤ ਕਿਸਾਨ ਵਿਰੋਧੀ ਕਿਵੇਂ ਬਣ ਗਏ?
ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਕੀਤੀ ਗਈ ਮੰਗ ਨੂੰ ਬੇਤੁਕੀ ਬਿਆਨਬਾਜ਼ੀ ਕਰਾਰ ਦਿੰਦਿਆਂ, ਸ਼੍ਰੀ ਬਾਜਵਾ ਨੇ ਕਿਹਾ ਕਿ ਦਰਅਸਲ ਅਕਾਲੀ ਆਗੂ ਬੌਖਲਾ ਗਏ ਹਨ ਅਤੇ ਉਹ ਤਾਲੋਂ ਖੁੰਝੀ ਡੂਮਣੀ ਵਾਂਗ ਬੇਸਿਰ ਪੈਰ ਗੱਲਾਂ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲੀ ਅਕਤੂਬਰ ਨੂੰ ਪੰਜਾਬ ਵਿਚ ਸਥਿਤ ਸਿੱਖ ਪੰਥ ਦੇ ਮਹਾਨ ਤਖ਼ਤਾਂ ਤੋਂ ਅਕਾਲੀ ਮਾਰਚ ਸ਼ੁਰੂ ਕਰਨ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ, ਸ਼੍ਰੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਨੂੰ ਆਪਣੀ ਰਾਜਨੀਤੀ ਲਈ ਧਰਮ ਦੀ ਆੜ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸੰਸਥਾਵਾਂ ਨੂੰ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਵਰਤਣ ਦੀ ਨੁਕਸਦਾਰ ਨੀਤੀ ਨੇ ਪੰਜਾਬ ਨੂੰ ਦੋ ਦਹਾਕੇ ਅਤਿਵਾਦ ਦੀ ਭੱਠੀ ਵਿਚ ਝੋਕ ਕੇ ਰੱਖਿਆ ਸੀ।  

NO COMMENTS