ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮ ਪਾਰਟੀ ਵੱਲੋਂ ਧਾਰਮਿਕ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਨੂੰ ਮੰਦਭਾਗਾ ਦੱਸਿਆ

0
9

ਚੰਡੀਗੜ, 9 ਜਨਵਰੀ(ਸਾਰਾ ਯਹਾ / ਮੁੱਖ ਸੰਪਾਦਕ)  ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਵੱਲੋਂ ਧਾਰਮਿਕ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਰਫ ਪੰਜਾਬ ਤੱਕ ਸੀਮਤ ਕਰਕੇ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਨੂੰ ਛੋਟਾ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਵੱਲੋਂ ਧਰਮ ਦੀ ਰੱਖਿਆ ਲਈ ਦਿੱਲੀ ਜਾ ਕੇ ਦਿੱਤੀ ਸ਼ਹਾਦਤ ਦੀ ਮਿਸਾਲ ਅਦੁੱਤੀ ਹੈ ਅਤੇ ਇਹ ਤਾਂ ਸਮੁੱਚੀ ਦੁਨੀਆਂ ਲਈ ਜਮੀਰ ਦੀ ਆਵਾਜ਼ ਅਨੁਸਾਰ ਧਰਮ ਅਪਣਾਉਣ ਦੀ ਆਜ਼ਾਦੀ ਲਈ ਕੁਰਬਾਨੀ ਦੀ ਮਿਸਾਲ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੋ੍ਰਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਨਾ ਦੇਣ ਦੇ ਮੁੱਦੇ ਉਤੇ ਸ.ਰੰਧਾਵਾ ਵੱਲੋਂ ਇਤਫਾਕ ਨਾ ਰੱਖਣ ਕਾਰਨ ਆਮ ਆਦਮੀ ਪਾਰਟੀ ਵੱਲੋਂ ਉਨਾਂ ਉਤੇ ਭਾਜਪਾ ਨਾਲ ਰਲੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਾਂਗਰਸੀ ਮੰਤਰੀ ਨੇ ਕਿਹਾ ਕਿ ਧਾਰਮਿਕ ਮਾਮਲਿਆਂ ਵਿੱਚ ਸਿਆਸਤ ਨੂੰ ਨਹੀਂ ਲਿਆਉਣਾ ਚਾਹੀਦਾ।
ਸ. ਰੰਧਾਵਾ ਨੇ ਕਿਹਾ ਕਿ ਭਾਜਪਾ ਖਿਲਾਫ ਕਾਂਗਰਸ ਦੇ ਵਿਰੋਧ ਨੂੰ ਭਾਜਪਾ ਦੀ ‘ਬੀ’ ਟੀਮ ਆਪ ਵੱਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਉਨਾਂ ਕਿਹਾ ਕਿ ਕਾਂਗਰਸ ਤਾਂ ਮੁੱਢ ਤੋਂ ਹੀ ਭਾਜਪਾ ਦੀ ਘੋਰ ਸਿਆਸੀ ਵਿਰੋਧੀ ਪਾਰਟੀ ਰਹੀ ਹੈ ਜਦੋਂ ਕਿ ਕੇਜਰੀਵਾਲ ਦੀ ‘ਖਾਸ’ ਪਾਰਟੀ ਭਾਜਪਾ ਦੀ ‘ਬੀ’ ਟੀਮ ਵਜੋਂ ਹੀ ਕੰਮ ਕਰਦੀ ਹੈ। 2014 ਦੀਆਂ ਲੋਕ ਸਭਾ ਚੋਣਾਂ ਮੌਕੇ ਵਾਰਾਨਸੀ ਤੋਂ ਚੋਣ ਲੜਨ ਵਾਲੇ ਨਰਿੰਦਰ ਮੋਦੀ ਨੂੰ ਜਿੱਤ ਦਿਵਾਉਣ ਖਾਤਰ ਅਰਵਿੰਦ ਕੇਜਰੀਵਾਲ ਨੇ ਖੁਦ ਜਾ ਕੇ ਉਥੋਂ ਚੋਣ ਲੜੀ ਤਾਂ ਜੋ ਵਿਰੋਧੀ ਧਿਰਾਂ ਦੀਆਂ ਵੋਟਾਂ ਵੰਡੀਆਂ ਜਾ ਸਕਣ।
ਕਾਂਗਰਸੀ ਆਗੂ ਨੇ ਕਿਹਾ ਕਿ ਉਨਾਂ ਦੀ ਪਾਰਟੀ ਕਦੇ ਵੀ ਕੇਸਾਂ ਤੋਂ ਨਹੀਂ ਘਬਰਾਈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਸਵਾ ਸੌ ਸਾਲ ਪੁਰਾਣਾ ਇਤਿਹਾਸ ਹੈ ਜਿਸ ਨੇ ਆਜ਼ਾਦੀ ਦੀ ਲੜਾਈ ਵੀ ਲੜੀ। ਪੰਜਾਬ ਵਿੱਚ ਅਤਿਵਾਦ ਖਿਲਾਫ ਵੀ ਕਾਂਗਰਸ ਨੇ ਮੂਹਰਲੀ ਕਤਾਰ ਵਿੱਚ ਲੜਾਈ ਲੜੀ। ਉਨਾਂ ਕਿਹਾ ਕਿ ਦੂਜੇ ਪਾਸੇ ਕੇਜਰੀਵਾਲ ਮੋਦੀ ਦੇ ਰਹਿਮੋ-ਕਰਮ ਉਤੇ ਆਪਣੀ ਸਰਕਾਰ ਚਲਾ ਰਿਹਾ ਹੈ ਅਤੇ ਸੱਤਾ ਸੁੱਖ ਕਰਕੇ ਉਸ ਨੇ ਦਿੱਲੀ ਬੈਠਿਆਂ ਭਾਜਪਾ ਖਿਲਾਫ ਮੂੰਹ ਤੱਕ ਨਹੀਂ ਖੋਲਿਆ। ਇਥੋਂ ਤੱਕ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਵੀ ਜਲਦਬਾਜ਼ੀ ਵਿੱਚ ਲਾਗੂ ਕਰ ਦਿੱਤਾ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਿੱਥੇ ਪੰਜਾਬ ਵਿੱਚ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਖਿਲਾਫ ਮੋਰਚਾ ਖੋਲਿਆ ਗਿਆ ਉਥੇ ਕਾਂਗਰਸੀ ਸੰਸਦ ਮੈਂਬਰ 33 ਦਿਨਾਂ ਤੋਂ ਜੰਤਰ ਮੰਤਰ ਉਤੇ ਧਰਨੇ ਉਤੇ ਬੈਠੇ ਹਨ। ਉਨਾਂ ਕਿਹਾ ਕਿ ਕੇਜਰੀਵਾਲ ਸੱਤ ਸਾਲ ਪਹਿਲਾਂ ਭਾਜਪਾ ਦੇ ਇਸ਼ਾਰੇ ਉਤੇ ਕਾਂਗਰਸ ਖਿਲਾਫ ਧਰਨਿਆਂ ਵਿੱਚ ਸ਼ਾਮਲ ਹੁੰਦਾ ਸੀ ਅਤੇ ਹੁਣ ਉਹ ਭਾਜਪਾ ਸਰਕਾਰ ਖਿਲਾਫ ਕੋਈ ਐਕਸ਼ਨ ਨਹੀਂ ਕਰ ਰਿਹਾ।
ਆਪ ਆਗੂ ਰਾਘਵ ਚੱਢਾ ਨੂੰ ਆੜੇ ਹੱਥੀ ਲੈਂਦਿਆਂ ਸ. ਰੰਧਾਵਾ ਨੇ ਕਿਹਾ ਕਿ ਕਾਂਗਰਸ ਖਿਲਾਫ ਬੋਲਣ ਤੋਂ ਪਹਿਲਾਂ ਉਸ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ। ਉਸ ਨੂੰ ਇਕੋ ਸਵਾਲ ਕੀਤਾ ਕਿ ਉਹ ਪਹਿਲਾ ਕੇਜਰੀਵਾਲ ਕੋਲੋ ਇਹ ਪੁੱਛ ਕੇ ਆਵੇ ਕਿ ਉਸ ਦੇ ਪਾਰਟੀ ਪ੍ਰਧਾਨ ਨੇ ਬਿਕਰਮ ਮਜੀਠੀਆ ਖਿਲਾਫ ਕੇਸ ਵਾਪਸ ਲੈ ਕੇ ਮੁਆਫੀ ਕਿਉ ਮੰਗੀ ਸੀ। ਉਨਾਂ ਕਿਹਾ ਕਿ ਕਾਂਗਰਸ ਖਿਲਾਫ ਬੋਲਣ ਵਾਲੀ ਆਮ ਆਦਮੀ ਪਾਰਟੀ ਇਹ ਸਪੱਸ਼ਟ ਕਰੇ ਕਿ ਉਨਾਂ ਨੇ ਕਿਹੜੇ ਡਰ ਜਾਂ ਸਮਝੌਤੇ ਤਹਿਤ ਅਕਾਲੀ ਦਲ ਅਤੇ ਹੁਣ ਭਾਜਪਾ ਖਿਲਾਫ ਬੋਲਣਾ ਬੰਦ ਕਰ ਦਿੱਤਾ।
——

NO COMMENTS