ਸੀ.ਬੀ.ਆਈ. ਨੂੰ ਬੇਅਦਬੀ ਦੇ ਮਾਮਲਿਆਂ ਬਾਰੇ ਦਸਤਾਵੇਜ ਪੰਜਾਬ ਸਰਕਾਰ ਨੂੰ ਸੌਂਪਣ ਸਬੰਧੀ ਦਿੱਤੇ ਫੈਸਲੇ ਦਾ ਕੀਤਾ ਸਵਾਗਤ

0
11

ਚੰਡੀਗੜ, 05 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਨੂੰ ਸਾਲ 2015 ਦੇ ਬੇਅਦਬੀ ਮਾਮਲਿਆਂ ਬਾਰੇ ਦਸਤਾਵੇਜ ਪੰਜਾਬ ਸਰਕਾਰ ਹਵਾਲੇ ਕਰਨ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇੰਨਾਂ ਹੁਕਮਾਂ ਨੇ ਪੰਥਕ ਦੋਖੀਆਂ ਨੂੰ ਸਲਾਖਾਂ ਪਿੱਛੇ ਸੁੱਟਣ ਲਈ ਰਾਹ ਪੱਧਰਾ ਕਰ ਦਿੱਤਾ ਹੈ।
ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ ਤੋਂ ਬਾਅਦ ਜੂਨ-ਅਕਤੂਬਰ, 2015 ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਇੱਕ ਨਾ ਧੋਤਾ ਜਾਣ ਵਾਲਾ ਕਲੰਕ ਦੱਸਦਿਆਂ, ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬਾਦਲ ਸਰਕਾਰ ਦੌਰਾਨ ਵਾਪਰੀਆਂ ਇੰਨਾਂ ਘਟਨਾਵਾਂ ਦੇ ਜਖਮ ਅਜੇ ਵੀ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਸਾਂਝੀ ਵਾਲਤਾ ਦੀਆਂ ਸਿੱਖਿਆਂਵਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਇੱਕ ਸਖਸ਼ ਦੇ ਮਨ ਵਿੱਚ ਹਰੇ ਹਨ।
ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਇੰਨਾਂ ਘਟਨਾਵਾਂ ਲਈ ਕੌਣ ਜਿੰਮੇਵਾਰ ਸੀ ਅਤੇ ਉਨਾਂ ਨੂੰ ਕਿਸ ਦੀ ਪਨਾਹ ਹਾਸਿਲ ਸੀ। ਸ. ਢਿੱਲੋਂ ਨੇ ਕਿਹਾ ਕਿ ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਪਰ ਕੁਝ ਲੋਕ ਤਾਕਤ ਦੇ ਨਸ਼ੇ ਵਿੱਚ ਇੰਨੇ ਅੰਨੇ ਹੋ ਗਏ ਸਨ ਕਿ ਉਨਾਂ ਆਪਣੇ ਸੌੜੇ ਹਿਤਾਂ ਲਈ ਗੁਰੂ ਨਾਲ ਹੀ ਧ੍ਰੋਹ ਕਮਾ ਲਿਆ। ਉਨਾਂ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨਾਲ ਅਜਿਹੇ ਲੋਕ ਸੀ.ਬੀ.ਆਈ ਰਾਹੀਂ ਬਹੁਤ ਦੇਰ ਆਪਣੀ ਜਾਨ ਬਚਾਉਂਦੇ ਰਹੇ ਪਰ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।
ਸ. ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵਿੱਚ ਸੀ.ਬੀ.ਆਈ. ਤੋਂ ਇਹ ਜਾਂਚ ਵਾਪਿਸ ਲੈਣ ਤੇ ਵਿਸ਼ੇਸ਼ ਜਾਂਚ ਟੀਮ ਸਥਾਪਤ ਕਰਨ ਸਬੰਧੀ ਮਤਾ ਪਾਸ ਕਰਨ ਦੇ ਉਪਰੰਤ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲਿਆਂ ਦੇ ਬਾਵਜੂਦ ਸੀ.ਬੀ.ਆਈ. ਵੱਲੋਂ ਇਨਾਂ ਅਤਿਅੰਤ ਘਣਾਉਣੀਆਂ ਘਟਨਾਵਾਂ ਨਾਲ ਸਬੰਧਤ ਦਸਤਾਵੇਜ ਪੰਜਾਬ ਪੁਲਿਸ ਦੇ ਹਵਾਲੇ ਨਹੀਂ ਕੀਤੇ ਗਏ ਸਨ। ਉਨਾਂ ਕਿਹਾ ਕਿ ਹੁਣ ਸੀ.ਬੀ.ਆਈ. ਨੂੰ ਇਹ ਦਸਤਾਵੇਜ ਪੰਜਾਬ ਸਰਕਾਰ ਹਵਾਲੇ ਕਰਨ ਦੇ ਦਿੱਤੇ ਗਏ ਸਪਸ਼ਟ ਹੁਕਮਾਂ ਤੋਂ ਬਾਅਦ ਬਿਨਾਂ ਕਿਸੇ ਦੇਰੀ ਇਨਾਂ ਘਟਨਾਵਾਂ ਨਾਲ ਸਬੰਧਤ ਸਾਰੇ ਦਸਤਾਵੇਜ ਪੰਜਾਬ ਸਰਕਾਰ ਦੇ ਹਵਾਲੇ ਕਰ ਦੇਣੇ ਚਾਹੀਦੇ ਹਨ।
ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸਾਰੇ ਲੋੜੀਂਦੇ ਦਸਤਾਵੇਜ ਹੱਥ ਆਉਂਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਇਨਾਂ ਘਟਨਾਵਾਂ ਲਈ ਦੋਸ਼ੀ ਪੰਥਕ ਦੋਖੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਅਨੁਸਾਰ ਸਜਾਵਾਂ ਦਿੱਤੇ ਜਾਣਾ ਯਕੀਨੀ ਬਣਾਏਗੀ।    
****************

NO COMMENTS