*ਸੀ.ਐੱਚ.ਸੀ ਅਧੀਨ ਛੋਟੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਮਸ਼ੀਨਰੀ ਉਪਲੱਬਧ-ਮੁੱਖ ਖੇਤੀਬਾੜੀ ਅਫ਼ਸਰ*

0
34

ਮਾਨਸਾ, 08 ਨਵੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਸੀ.ਐੱਚ.ਸੀ. (ਕਸਟਮ ਹਾਈਰਿੰਗ ਸੈਂਟਰ) ਅਧੀਨ ਛੋਟੇ ਕਿਸਾਨਾਂ ਨੂੰ ਬਿਨ੍ਹਾ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਲਈ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਹਰਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਦੇ ਵੱਖ—ਵੱਖ ਬਲਾਕ ਦਫ਼ਤਰਾਂ ਤੇ ਇੱਕ ਸੁਪਰ ਸੀਡਰ ਅਤੇ ਇੱਕ ਸਮਾਰਟ ਸੀਡਰ ਦਿੱਤਾ ਗਿਆ ਹੈ, ਜਿਸ ਅਧੀਨ ਬਲਾਕ ਮਾਨਸਾ ਵਿੱਚ ਪੈਂਦੇ ਪਿੰਡ ਠੂਠਿਆਂਵਾਲੀ, ਘਰਾਂਗਣਾ, ਮੌਜੀਆ, ਭੈਣੀ ਬਾਘਾ ਵਿੱਚ ਹੁਣ ਤੱਕ 175 ਏਕੜ, ਬਲਾਕ ਸਰਦੂਲਗੜ੍ਹ ਦੇ ਪਿੰਡ ਟਿੱਬੀ ਹਰੀ ਸਿੰਘ, ਕਰੰਡੀ ਵਿੱਚ 70 ਏਕੜ, ਬਲਾਕ ਬੁਢਲਾਡਾ ਦੇ ਪਿੰਡ ਦਰੀਆਪੁਰ ਕਲਾਂ, ਚੱਕ ਭਾਈਕੇ, ਬੁਢਲਾਡਾ, ਦਾਤੇਵਾਸ ਵਿੱਚ 190 ਏਕੜ ਅਤੇ ਬਲਾਕ ਭੀਖੀ ਦੇ ਪਿੰਡ ਰੜ੍ਹ, ਬੱਪੀਆਣਾ ਵਿੱਚ 110 ਏਕੜ ਰਕਬੇ ਵਿੱਚ ਇੰਨ੍ਹਾਂ ਮਸ਼ੀਨਾਂ ਰਾਹੀਂ ਬਿਜਾਈ ਕਰਵਾਈ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਹ ਮਸ਼ੀਨਾਂ ਛੋਟੇ ਕਿਸਾਨਾਂ ਨੂੰ ਬਲਾਕ ਪੱਧਰ ’ਤੇ ਬਿਜਾਈ ਲਈ ਮੁਫ਼ਤ ਵਰਤਣ ਲਈ ਦਿੱਤੀਆਂ ਜਾ ਰਹੀਆਂ ਹਨ। ਇੰਨ੍ਹਾਂ ਮਸ਼ੀਨਾਂ ਨਾਲ ਬਿਜਾਈ ਕਰਨ ਲਈ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਰੀਬ 1 ਲੱਖ 73 ਹਜ਼ਾਰ 730 ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਜਿਸ ਲਈ 25 ਹਜ਼ਾਰ ਮੀਟਰਕ ਟਨ ਡੀ.ਏ.ਪੀ. ਖਾਦ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 21550 ਮੀਟਰਕ ਟਨ ਖਾਦ ਉਪਲੱਬਧ ਹੈ ਜਿਸ ਵਿੱਚੋਂ 18 ਹਜ਼ਾਰ 50 ਮੀਟਰਕ ਟਨ ਡੀ.ਏ.ਪੀ. ਅਤੇ 3500 ਮੀਟਰਕ ਟਨ ਖਾਦ ਟੀ.ਐਸ.ਪੀ. 0:46:0, ਐਨਪੀਕੇ 12:32:16 ਮੌਜੂਦ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੀ ਡੀ.ਏ.ਪੀ. ਅਤੇ ਹੋਰ ਬਦਲ ਖਾਦਾਂ ਦੇ ਰੈਕਾਂ ਦੀ ਸਪਲਾਈ ਵੀ 15 ਨਵੰਬਰ ਤੱਕ ਜ਼ਿਲ੍ਹੇ ਅੰਦਰ ਮੁਹੱਈਆ ਕਰਵਾ ਦਿੱਤੀ ਜਾਵੇਗੀ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਕਣਕ ਦੀ ਬਿਜਾਈ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਫਾਸਫੋਟਿਕ ਖਾਦਾਂ ਦੀ ਵਰਤੋਂ ਵੀ ਕਰ ਸਕਦੇ ਹਨ।

NO COMMENTS