*‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਮਾਨਸਾ ਦੇ ਸੈਂਟਰਲ ਪਾਰਕ, ਤ੍ਰਿਵੈਣੀ ਪਾਰਕ, ਬਾਲ ਭਵਨ ਅਤੇ ਯੋਗੇਸ਼ਵਰ ਰਾਮਮੁਲਖ ਦਿਆਲ ਯੋਗ ਸਾਧਨਾ ਮਿਸ਼ਨ ਆਸ਼ਰਮ, ਵਿਖੇ ਲੱਗਣਗੀਆਂ ਯੋਗ ਕਲਾਸਾਂ-ਡਿਪਟੀ ਕਮਿਸ਼ਨਰ*

0
39

ਮਾਨਸਾ, 05 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ ):
       ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਬਣਾਉਣ ਦੇ ਮੰਤਵ ਨਾਲ ਚਲਾਏ ਜਾ ਰਹੇ ‘ਸੀ.ਐਮ. ਦੀ ਯੋਗਸ਼ਾਲਾ’ ਪ੍ਰੋਗਰਾਮ ਅਧੀਨ ਮਾਨਸਾ ਦੇ ਵੱਖ-ਵੱਖ ਸਥਾਨਾਂ ’ਤੇ ਯੋਗ ਕਲਾਸਾਂ ਲਗਾਈਆਂ ਜਾਣਗੀਆਂ, ਜਿੰਨ੍ਹਾਂ ਵਿੱਚ ਯੋਗ ਦੇ ਮਾਹਰ ਅਧਿਆਪਕ ਲੋਕਾਂ ਨੂੰ ਮੁਫਤ ਵਿੱਚ ਯੋਗ ਦੀ ਸਿਖਲਾਈ ਦੇਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ  ਨੇ  ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਦਿੱਤੀ।
     ਉਨ੍ਹਾਂ ਦੱਸਿਆ ਕਿ ਯੋਗ ਦੀਆਂ ਕਲਾਸਾਂ ਲੈਣ ਲਈ 25 ਨਾਗਰਿਕਾਂ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਟੈਲੀਫੋਨ ਨੰਬਰ 76694-00500 ’ਤੇ ਮਿਸਡ ਕਾਲ ਦੇ ਕੇ ਇਸ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੀ.ਐਮ.ਦੀ ਯੋਗਸ਼ਾਲਾ ਦੇ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਥਾਵਾਂ ’ਤੇ ਜਿਵੇਂ ਕਿ ਪਾਰਕ/ ਜਨਤਕ ਥਾਂ ’ਤੇ ਮੁਫ਼ਤ ਯੋਗ ਸਿੱਖਿਆ ਦਿੱਤੀ ਜਾਵੇਗੀ। ਜੇ ਕਿਸੇ ਵੀ ਵਿਅਕਤੀ ਦੇ ਕੋਲ ਯੋਗ ਕਲਾਸ ਕਰਨ ਦੀ ਥਾਂ ਉਪਲਬਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ ਤਾਂ ਪੰਜਾਬ ਸਰਕਾਰ ਯੋਗ ਟਰੇਂਡ ਇੰਸਟ੍ਰਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁੰਣ ਤਾਂ ਉਹ ਖੁਦ/ਇੱਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕਣਗੇ।
      ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਇਹ ਪ੍ਰੋਗਰਾਮ ਸੂਬੇ ਦੇ 09 ਜ਼ਿਲਿ੍ਹਆਂ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਹ ਪ੍ਰੋਗਰਾਮ ਸੂਬੇ ਦੇ 15 ਹੋਰ ਜ਼ਿਲਿ੍ਹਆਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਾਨਸਾ ਜ਼ਿਲ੍ਹੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪੜਾਅ ਸੰਯੁਕਤ ਰੂਪ ਵਿੱਚ ਪੰਜਾਬ ਰਾਜ ਦੇ ਸਾਰੇ ਪ੍ਰਮੁੱਖ ਸ਼ਹਿਰਾਂ/ ਮੁੱਖ ਜ਼ਿਲ੍ਹਾ ਦਫ਼ਤਰਾਂ ਨੂੰ ਕਵਰ ਕਰਨਗੇ। ਇਸ ਦਾ ਉਦੇਸ਼ ਨਾਗਰਿਕਾਂ ਦੀ ਸ਼ਰੀਰਿਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਇਕ ਪ੍ਰਾਚੀਨ ਅਭਿਆਸ ਦੇ ਰੂਪ ਵਿੱਚ, ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਇੱਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ। ਰੋਜ਼ਾਨਾ ਅਭਿਆਸ ਦੁਆਰਾ, ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ।
      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਅਧੀਨ ਮਾਨਸਾ ਦੇ ਸੈਂਟਰਲ ਪਾਰਕ, ਤ੍ਰਿਵੈਣੀ ਪਾਰਕ ਸੁੰਨੀ ਗਲੀ, ਬਾਲ ਭਵਨ ਅਤੇ ਚਕੇਰੀਆਂ ਰੋਡ ਵਿਖੇ ਯੋਗੇਸ਼ਵਰ ਰਾਮਮੁਲਖ ਦਿਆਲ ਯੋਗ ਸਾਧਨਾ ਮਿਸ਼ਨ ਆਸ਼ਰਮ, ਮਾਨਸਾ ਵਿਖੇ ਯੋਗ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਪਹਿਲ ਹੈ। ਇਸ ਯੋਜਨਾ ਦੇ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ ਕੀਤੀ ਗਈ ਹੈ ਤਾਂ ਜੋ ਯੋਗ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ।
       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਨਾਗਰਿਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਟੋਲ ਫਰੀ ਨੰਬਰ 7669400500 ’ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ’ਤੇ ਲੌਗਿਇੰਨ ਕਰ ਸਕਦੇ ਹਨ। ਜੇਕਰ ਕਿਸੇ ਕਾਰਨ ਤੋਂ ਨਾਗਰਿਕ ਪੰਜੀਕਰਨ ਕਰਨ ਵਿੱਚ ਅਸਮਰਥ ਹੈ ਤਾਂ ਉਹ ਰਾਜ ਸਰਕਾਰ ਦੇ ਹੈਲਪ ਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ ਜਾਂ cmdiyogshala@punjab.gov.in ’ਤੇ ਈਮੇਲ ਭੇਜ ਸਕਦੇ ਹਨ।

NO COMMENTS