Oplus_131072
ਮਾਨਸਾ, 14 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵੁਆਇਸ ਆਫ ਮਾਨਸਾ ਦੇ ਵਫਦ ਵੱਲੋ ਸਥਾਨਕ ਸਰਕਾਰਾ ਬਾਰੇ ਮੰਤਰੀ ਡਾ ਰਵਜੋਤ ਸਿੰਘ ਨਾਲ ਮਾਨਸਾ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਸਬੰਧੀ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਤਾਂ ਮੰਤਰੀ ਸਾਹਿਬ ਨੇ ਸੀਵਰੇਜ ਦੇ ਮਾੜੇ ਸਿਸਟਮ ਕਾਰਨ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਮਾਨਸਾ ਸ਼ਹਿਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ੍ਹੋਂ ਲੋਕ ਸਭਾ ਚੋਣਾਂ ਵੇਲੇ ਵੁਆਇਸ ਆਫ਼ ਮਾਨਸਾ ਨਾਲ ਕੀਤੀ ਮੀਟਿੰਗ ਦੌਰਾਨ ਅਤੇ ਬਾਅਦ ਵਿੱਚ ਕੀਤੇ ਜਨਤਕ ਐਲਾਨ ਨੂੰ ਹੁਣ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸਦੇ ਤਹਿਤ ਗੰਦੇ ਪਾਣੀ ਦੀ ਨਿਕਾਸੀ ਸਰਹਿੰਦ ਚੋਅ ਵਿਚ ਪਾਏ ਜਾਣ ਲਈ 43.90 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਵੁਆਇਸ ਆਫ ਮਾਨਸਾ ਦੇ ਵਫਦ ਦੀ ਅਗਵਾਈ ਕਰਦਿਆਂ ਪ੍ਰਧਾਨ ਡਾ.ਜਨਕ ਰਾਜ ਸਿੰਗਲਾ ਨੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਿਆ ਕਿਹਾ ਕਿ ਸੀਵਰੇਜ ਲਈ ਲੋੜੀਂਦੀ ਰਾਸ਼ੀ ਦਾ ਮਨਜ਼ੂਰ ਹੋਣਾ ਮਾਨਸਾ ਸ਼ਹਿਰੀਆਂ ਦੇ ਏਕੇ ਅਤੇ ਸ਼ਹਿਰ ਦੀਆਂ ਸਮਾਜਿਕ, ਵਪਾਰਕ, ਧਾਰਮਿਕ, ਰਾਜਨੀਤਿਕ,ਮਜ਼ਦੂਰ,ਕਿਸਾਨ, ਡਾਕਟਰ,ਮੁਲਾਜ਼ਮ ਤੇ ਹੋਰਨਾਂ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਵੱਡੀ ਜਿੱਤ ਹੈ। ਉਹਨਾਂ ਕਿਹਾ ਕਿ ਵੁਆਇਸ ਆਫ਼ ਮਾਨਸਾ ਦੇ 22 ਦਿਨ ਚੱਲੇ ਸੰਘਰਸ਼ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸੀਵਰੇਜ ਦੇ ਹੱਲ ਸਬੰਧੀ ਮੀਟਿੰਗ ਕਰਵਾਉਣ ਲਈ ਜਿਥੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਨੋਜਵਾਨ ਆਪ ਆਗੂ ਚੁਸ਼ਪਿੰਦਰਬੀਰ ਚਹਿਲ ਅਤੇ ਇੰਦਰਜੀਤ ਉੱਭਾ ਨੇ ਮੋਹਰੀ ਰੋਲ ਅਦਾ ਕੀਤਾ ਸੀ। ਉਥੇ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਵੀ ਵੁਆਇਸ ਆਫ਼ ਮਾਨਸਾ ਨੇ ਮੁੱਖ ਮੰਤਰੀ ਦਫ਼ਤਰ ਦੇ ਨਾਲ ਨਾਲ ਵਾਰ ਵਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ,ਸਥਾਨਕ ਸਰਕਾਰਾਂ ਦੇ ਮੰਤਰੀ ਡਾ ਰਵਜੋਤ ਸਿੰਘ ਅਤੇ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੀਟਿੰਗਾਂ ਕੀਤੀਆ ਗਈਆਂ ਤੇ ਡਾ ਰਵਜੋਤ ਦੇ ਉਚੇਚੇ ਯਤਨਾਂ ਸਦਕਾ ਹੁਣ ਪ੍ਰੋਜੈਕਟ ਲਈ ਬੱਜਟ ਐਲੋਕੇਸ਼ਨ ਰਾਹੀਂ ਪੈਸੇ ਦਾ ਪਬੰਧ ਹੋਣ ਨਾਲ ਮਾਨਸਾ ਵਾਸੀ ਖੁਸ਼ ਹਨ। ਨਾਲ ਹੀ ਉਹਨਾਂ ਕਿਹਾ ਕਿ ਜਦੋਂ ਤੱਕ ਮਸਲੇ ਦਾ ਪੂਰਨ ਰੂਪ ਵਿਚ ਹੱਲ ਨਹੀਂ ਹੋ ਜਾਂਦਾ ਮਾਨਸਾ ਵਾਸੀ ਸਮੱਸਿਆ ਦੇ ਹੱਲ ਲਈ ਸਦਾ ਡਟੇ ਰਹਿਣਗੇ।
ਉਹਨਾਂ ਇਹ ਵੀ ਕਿਹਾ ਕਿ ਬੇਸ਼ੱਕ ਸੀਵਰੇਜ ਦੇ ਹੱਲ ਲਈ ਵੁਆਇਸ ਆਫ਼ ਮਾਨਸਾ ਨੇ ਭੁੱਖ ਹੜਤਾਲ ਦੇ ਸੰਘਰਸ਼ ਨਾਲ ਪਹਿਲ ਕਦਮੀਂ ਕੀਤੀ ਅਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਸੰਸਥਾ ਦਾ ਜ਼ਿਕਰ ਕਰਦਿਆਂ ਸੀਵਰੇਜ ਦੇ ਪੱਕੇ ਹੱਲ ਲਈ ਭਰੋਸਾ ਦਿੱਤਾ ਗਿਆ। ਪਰ ਇਸ ਦੇ ਬਾਵਜੂਦ ਇਸ ਜਿੱਤ ਦਾ ਸਿਹਰਾ ਸਮੂਹ ਸ਼ਹਿਰੀਆਂ ਦੇ ਏਕੇ, ਸਮਾਜਿਕ, ਵਪਾਰਕ, ਜਨਤਕ, ਰਾਜਨੀਤਕ, ਧਾਰਮਿਕ,ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਨੂੰ ਜਾਂਦਾ ਹੈ, ਜਿੰਨਾਂ ਨੇ ਇਕਜੁੱਟਤਾ ਨਾਲ ਹਰ ਪੱਧਰ ਤੇ ਸੰਘਰਸ਼ ਨੂੰ ਸਫਲ ਬਣਾਇਆ। ਡਾ ਸਿੰਗਲਾ ਨੇ ਆਸ ਜਿਤਾਈ ਕਿ ਜਲਦੀ ਟੈਂਡਰ ਲੱਗਣ ਉਪਰੰਤ ਮਹੀਨੇ ਦੇ ਅੰਦਰ ਅੰਦਰ ਕੰਮ ਸ਼ੁਰੂ ਹੋ ਜਾਵੇਗਾ ਅਤੇ ਉਮੀਦ ਹੈ ਕਿ ਬਾਰਿਸ਼ਾਂ ਦੇ ਸਮੇਂ ਇਸ ਵਾਰ ਸ਼ਹਿਰ ਵਿਚ ਪਾਣੀ ਦੀ ਸਮੱਸਿਆ ਨਹੀਂ ਆਵੇਗੀ।
ਸ਼ਹਿਰ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਦੀਆਂ ਅਦਰੂਨੀ ਸੜਕਾਂ ਦੀ ਮਾੜੀ ਹਾਲਤ ਦਾ ਜਿਕਰ ਕਰਦਿਆ ਉਹਨਾ ਦੀ ਮੁਰੰਮਤ ਲਈ ਵੀ ਮੰਤਰੀ ਸਾਹਿਬਾਨ ਨੂੰ ਬੇਨਤੀ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਨਿੱਜੀ ਦਖਲ ਦੇ ਕੇ ਸ਼ਹਿਰ ਦੀ ਇਸ ਸਮੱਸਿਆ ਦਾ ਵੀ ਜਲਦੀ ਹੱਲ ਕਰਵਾਉਣਗੇ। ਸੋਸ਼ਲਲਿਸਟ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਹਰਿੰਦਰ ਮਾਨਸ਼ਾਹੀਆ ਨੇ ਸੰਤੁਸ਼ਟੀ ਪ੍ਰਗਟ ਕਰਦਿਆ ਕਿਹਾ ਕਿ ਭਾਵੇਂ ਕਿ ਪ੍ਰੋਜੈਕਟ ‘ਤੇ ਕਾਰਵਾਈ ਕਾਫੀ ਲੰਬੇ ਸਮੇਂ ਤੋਂ ਚਲ ਰਹੀ ਸੀ ਪਰੰਤੂ 26 ਜਨਵਰੀ ਮੌਕੇ ਮਾਨਸਾ ਦੀਆਂ ਸਾਰੀਆਂ ਸਮਾਜਿਕ, ਧਾਰਮਿਕ,ਵਪਾਰਿਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਵੱਲ੍ਹੋਂ ਰਲ ਮਿਲ ਕੇ ਸੀਵਰੇਜ ਦੀ ਸਮੱਸਿਆ ਨਾ ਹੱਲ ਹੁੰਦੀ ਦੇਖ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਨੇ ਇਸ ਪ੍ਰੋਜੈਕਟ ਦੇ ਰਾਹ ਦੀਆਂ ਔਕੜਾ ਨੂੰ ਦੂਰ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਸਾਬਕਾ ਐਮ ਐਲ ਏ ਹਰਦੇਵ ਅਰਸ਼ੀ, ਨਾਜਰ ਸਿੰਘ ਮਾਨਸ਼ਾਹੀਆ, ਬਲਕੌਰ ਸਿੰਘ ਮੂਸਾ, ਗੁਰਪ੍ਰੀਤ ਸਿੰਘ ਵਿੱਕੀ, ਕਾਗਰਸ ਦੇ ਜਿਲ੍ਹਾ ਪ੍ਰਧਾਨ ਮਾਇਕਲ ਗਾਗੋਵਾਲ, ਅਕਾਲੀ ਦਲ ਦੇ ਪ੍ਰੇਮ ਅਰੋੜਾ, ਡਾ ਨਿਸ਼ਾਨ ਸਿੰਘ ਅਤੇ ਹਨੀਸ਼ ਬਾਂਸਲ ਸਮੇਤ ਵਪਾਰੀ ਵਰਗ ਦੇ ਸੁਰੇਸ਼ ਨੰਦਗੜੀਆਂ ਅਤੇ ਆੜਤੀਆ ਐਸੋਸੀਏਸ਼ਨ ਦੇ ਮੁਨੀਸ਼ ਬੱਬੀ ਦਾਨੇਵਾਲੀਆ ਵਲੋਂ ਇਕੋ ਮੰਚ ਤੋਂ ਇਕ ਮੁਠ ਹੋ ਕੇ ਸ਼ਹਿਰ ਦੀ ਸਮੱਸਿਆ ਲਈ ਇਕ ਪਾਰ ਦੀ ਲੜਾਈ ਦੇ ਐਲਾਨ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਪਕੇਰਾ ਕੀਤਾ। ਇੱਥੇ ਇਹ ਜ਼ਿਕਰਯੋਗ ਹੈ ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਰਾਣਾ, ਸੁਖਚਰਨ ਦਾਨੇਵਾਲੀਆ ਅਤੇ ਕਾਮਰੇਡ ਕ੍ਰਿਸ਼ਨ ਚੌਹਾਨ ਸਮੇਤ ਭਾਰਤੀ ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਰੁਲਦੂ ਸਿੰਘ, ਗੁਰਜੰਟ ਸਿੰਘ ਵੱਲੋਂ ਸ਼ਹਿਰ ਦੀਆਂ ਸਾਰੀਆਂ ਧਿਰਾਂ ਨੂੰ ਸੀਵਰੇਜ ਸਮੱਸਿਆਂ ਦੇ ਹੱਲ ਲਈ ਇਕ ਪਲੇਟਫਾਰਮ ਤੇ ਇਕੱਠੇ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਤੇ ਜਿਸ ਦੇ ਚਲਦਿਆਂ ਸ਼ਹਿਰ ਦੇ ਸੈਂਕੜੇ ਲੋਕਾਂ ਨੇ ਗਣਤੰਤਰ ਦਿਵਸ ਮੌਕੇ ਸ਼ਹਿਰ ਵਿਚੋਂ ਰੋਸ ਪ੍ਰਦਰਸ਼ਨ ਕਰਕੇ ਸਮੱਸਿਆ ਦੇ ਵਿਕਰਾਲ ਰੂਪ ਤੋਂ ਜਾਣੂ ਕਰਵਾਇਆ ਸੀ।
ਇਸ ਰੋਸ ਮਾਰਚ ਵਿਚ ਆਰ ਟੀ ਆਈ ਐਕਟੀਵਿਸਟ ਮਾਨਿਕ ਗੋਇਲ, ਸ਼ਹਿਰ ਦੇ ਪ੍ਰਮੁੱਖ ਡਾਕਟਰ ਪ੍ਰਸ਼ੋਤਮ ਗੋਇਲ, ਡਾ ਰੇਖੀ, ਡਾ ਬਰਾੜ ਅਤੇ ਡਾ ਡੁਮੇਲੀ ਸਮੇਤ ਡਾ ਮਾਨਵ ਜਿੰਦਲ ਨੇ ਵੀ ਭਾਗ ਲਿਆ ਸੀ ਤੇ ਸਰਕਾਰ ਤੋਂ ਬੀਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਸ਼ਹਿਰ ਦੀ ਮੁੱਖ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਸੀ। ਇਸ ਮਾਰਚ ਵਿਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੋਂ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਭਾਗ ਲਿਆ ਸੀ।
ਸੰਸਥਾ ਦੇ ਮੈਂਬਰਾਂ ਡਾ ਲਖਵਿੰਦਰ ਮੂਸਾ ਨੇ ਸੀਨੀਅਰ ਸਿਟੀਜ਼ਨ , ਪੈਨਸ਼ਨਰਜ਼ ਯੂਨੀਅਨ ਦੇ ਸਾਰੇ ਮੈਂਬਰਾਂ, ਓ ਬੀ ਸੀ ਫੈਡਰੇਸ਼ਨ ਅਤੇ ਸਾਬਕਾ ਫੌਜੀਆਂ ਅਤੇ ਪੁਲਿਸ ਪੈਨਸ਼ਨਰਜ਼ ਵੱਲੋਂ ਅਤਿ ਗਰਮੀ ਵਿਚ ਵੀ ਆਪਣੇ ਮੈਂਬਰਾਂ ਦੀ ਬਹੁਗਿਣਤੀ ਨਾਲ ਸੀਵਰੇਜ ਸੰਘਰਸ਼ ਵਿਚ ਲੋਕਾਂ ਦੀ ਅਗਵਾਈ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮੁੱਚੇ ਸ਼ਹਿਰ ਵਾਸੀਆਂ ਦਾ ਸੰਘਰਸ ਹੋ ਨਿਬੜਨ ਨਾਲ ਹੀ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ। ਡਾ ਜਨਕ ਰਾਜ ਸਿੰਗਲਾ ਤੇ ਸੰਸਥਾ ਦੇ ਜਨਰਲ ਸਕੱਤਰ
ਵਿਸ਼ਵ ਬਰਾੜ ਨੇ ਸਤੀਸ਼ ਮਹਿਤਾ ਐਮ ਸੀ, ਪਾਲੀ ਐਮ ਸੀ , ਧੰਨਾ ਮੱਲ ਗੋਇਲ, ਜਤਿੰਦਰ ਆਗਰਾ , ਏਕਨੂਰ ਵੈਲਫੇਅਰ ਦੀ ਮੈਡਮ ਜੀਤ ਦਹੀਆ,ਸਨਾਤਨ ਧਰਮ ਸਭਾ ਦੇ ਵਿਨੋਦ ਭੰਮਾ ਅਤੇ ਬਿੰਦਰ ਪਾਲ ,ਅਗਰਵਾਲ ਸਭਾ ਦੇ ਪਰਸ਼ੋਤਮ ਬਾਸਲ,ਆਮ ਆਦਮੀ ਪਾਰਟੀ ਆਗੂ ਈਸ਼ਵਰ ਚੰਦਰ ਐਡਵੋਕੇਟ, ਨਰੇਸ਼ ਬਿਰਲਾ, ਗੁਰਮੀਤ ਖੁਰਮੀ , ਭਾਰਤੀ ਜਨਤਾ ਪਾਰਟੀ ਦੇ ਸੰਜੀਵ ਗੋਇਲ, ਰੋਹਿਤ ਬਾਂਸਲ, ਸ਼ਿਵ ਸੈਨਾ ਆਗੂ ਅੰਕੁਸ਼ ਜਿੰਦਲ, ਘਨੀਸ਼ਾਮ ਨਿੱਕੂ, ਗੁਰਦੀਪ ਸਿੰਘ ਸੇਖੋਂ , ਕਾਮਰੇਡ ਸ਼ਿਵਚਰਨ ਸੂਚਨ, ਦਵਿੰਦਰ ਸਿੰਘ ਟੈਕਸਲਾ ਵਲੋਂ ਲੋਕ ਲਾਮਬੰਦੀ ਕੀਤੇ ਜਾਣ ਵਿਚ ਨਿਭਾਈ ਭੂਮੀਕਾ ਲਈ ਉਹਨਾਂ ਦਾ ਧੰਨਵਾਦ ਕੀਤਾ।
ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਅਤੇ ਨਰੇਸ਼ ਬਿਰਲਾ ਨੇ ਸਥਾਨਕ ਪ੍ਰਸ਼ਾਸ਼ਨ ਅਤੇ ਮਾਨਸਾ ਜਿਲ਼੍ਹੇ ਦੇ ਹਰੇਕ ਉਸ ਬਾਸ਼ਿੰਦੇ ਦਾ ਧੰਨਵਾਦ ਕੀਤਾ ਜਿਸ ਨੇ ਸਮੁੱਚੇ ਸੰਘਰਸ਼ ਵਿਚ ਸੰਸਥਾਵਾਂ ਦਾ ਸੰਪੂਰਨ ਸਾਥ ਦਿੱਤਾ ਅਤੇ ਨਾਲ ਹੀ ਕਿਹਾ ਕਿ ਸਮੁੱਚੇ ਲੋਕ ਜਦ ਤਕ ਮਸਲੇ ਦਾ ਸੰਪੂਰਨ ਹੱਲ ਨਹੀਂ ਹੋ ਜਾਂਦਾ ਤਦ ਤੱਕ ਇੰਝ ਹੀ ਇਕੱਠੇ ਹੋ ਕੇ ਲੜਦੇ ਰਹਿਣਗੇ। ਵੁਆਇਸ ਆਫ ਮਾਨਸਾ ਦੇ ਮੈਂਬਰਾਂ ਅਧਿਆਪਕ ਆਗੂ ਹਰਦੀਪ ਸਿੰਘ ਸਿੱਧੂ, ਹਰਜੀਵਨ ਸਰਾਂ, ਨਰਿੰਦਰ ਸ਼ਰਮਾਂ, ਨਰਿੰਦਰ ਸਿੰਘਲ, ਜਸਵੰਤ ਸਿੰਘ, ਮੇਜਰ ਸਿੰਘ, ਜਗਸੀਰ ਸਿੰਘ ਢਿਲੋਂ ਵਲੋਂ ਇਸ ਮੌਕੇ ਸਮੱਸਿਆ ਦੇ ਹੱਲ ਲਈ ਬੂਰ ਪੈਦਾ ਦੇਖ ਖੁਸ਼ੀ ਦਾ ਪ੍ਰਗਟਾਵਾ ਕੀਤਾ।