*ਸੀਵਰੇਜ ਦੀ ਸਮੱਸਿਆ ਧਰਨਾ 13ਵੇਂ ਦਿਨ ਵੀ ਜਾਰੀ, ਧਰਨਾਕਾਰੀਆਂ ਵਿੱਚ ਪ੍ਰਸ਼ਾਸਨ ਪ੍ਰਤੀ ਵੱਧ ਰਿਹਾ ਹੈ ਰੋਸ*

0
86

ਮਾਨਸਾ 13 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਦੇ ਓਵਰਫਲੋ ਦੀ ਸਮੱਸਿਆ ਦੇ ਹੱਲ ਲਈ ਵੋਆਇਸ ਆਫ ਮਾਨਸਾ ਦੀ ਅਗਵਾਈ ਵਿਚ ਚੱਲ ਰਿਹਾ ਲੜੀਵਾਰ ਭੁੱਖ ਹੜਤਾਲ ਧਰਨਾ 13ਵੇਂ ਦਿਨ ਵੀ ਜਾਰੀ ਰਿਹਾ। ਧਰਨਾ ਸ਼ੁਰੂ ਹੋਣ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਨੇ ਕੁੱਝ ਦਿਨ ਚੁਸਤੀ ਵਿਖਾਉਂਦੇ ਹੋਏ ਸ਼ਹਿਰ ਵਿਚੋਂ ਪਾਣੀ ਕੱਢਣ ਲਈ ਕਾਰਜ ਸ਼ੁਰੂ ਕਰਕੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਤਿਰਵੈਣੀ ਮੰਦਰ, ਚੁਗਲੀ ਘਰ ਅਤੇ ਰੇਲਵੇ ਓਵਰ ਬ੍ਰਿਜ ਦੇ ਦੋਵੇਂ ਪਾਸੇ ਸੀਵਰੇਜ ਦਾ ਪਾਣੀ ਦੋਬਾਰਾ ਖੜਾ ਹੋਣ ਨਾਲ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲਿਆ। ਕੁਝ ਨਵੇਂ ਇਲਾਕਿਆਂ ਵਿਚ ਸਮੱਸਿਆ ਦੇ ਵਧਣ ਬਾਰੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਐਨੀ ਗਰਮੀ ਵਿਚ ਧਰਨੇ ਤੇ ਬੈਠੇ ਲੋਕਾਂ ਦੀ ਆਵਾਜ਼ ਜਿੱਥੇ ਸਿਆਸੀ ਪਾਰਟੀਆਂ ਦੇ ਆਗੂਆਂ ਤੱਕ ਤਾਂ ਪਹੁੰਚ ਗਈ ਹੈ ਪਰ ਹਾਲੇ ਇਹ ਆਵਾਜ਼ ਪ੍ਰਸ਼ਾਸਨ ਤੱਕ ਸ਼ਾਇਦ ਨਹੀਂ ਪਹੁੰਚ ਸਕੀ ਹੈ ਜੋ ਪ੍ਰਸ਼ਾਸਨ ਸੁਪਰ ਸਕੱਰ ਮਸ਼ੀਨਾਂ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਿਹਾ ਹੈ। ਸੰਸਥਾ ਦੇ ਵਾਇਸ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ ਨੇ ਐਲਾਨ ਕੀਤਾ ਕਿ ਦੇ ਪ੍ਰਸ਼ਾਸਨ ਨੇ ਕੋਈ ਠੋਸ ਹੱਲ ਨਾ ਕੀਤਾ ਤਾਂ ਲੋਕ ਰੋਹ ਨੂੰ ਵੇਖਦਿਆਂ ਸਾਰੀਆਂ ਸੰਸਥਾਵਾਂ ਨੂੰ ਨਾਲ ਲੈਕੇ ਵੱਡਾ ਐਕਸ਼ਨ ਜਲਦੀ ਉਲੀਕਿਆ ਜਾਵੇਗਾ। ਅੱਜ ਬਾਲਾ ਰਾਮ ਚੌਥੀ ਵਾਰ, ਬਲਰਾਜ ਨੰਗਲ, ਨਰਿੰਦਰ ਸ਼ਰਮਾ, ਹਰਿੰਦਰ ਮਾਨਸ਼ਾਹੀਆ ਦੂਜੀ ਵਾਰ ਅਤੇ ਰੰਗਕਰਮੀ ਅਤੇ ਫਿਲਮ ਅਦਾਕਾਰ ਰਾਜ ਜੋਸ਼ੀ ਪਹਿਲੀ ਵਾਰ ਭੁੱਖ ਹੜਤਾਲ ਤੇ ਬੈਠੇ।ਲਾਲ ਚੰਦ ਯਾਦਵ, ਸ਼ਾਮ ਲਾਲ ਗੋਇਲ, ਰਾਮ ਰਤਨ ਭੋਲਾ, ਡਾ ਧੰਨਾ ਮੱਲ ਗੋਇਲ, ਮਨਜੀਤ ਸਿੰਘ ਮੀਆਂ ਅਤੇ ਡਾ ਸੰਦੀਪ ਘੰਡ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਇਕ ਸੁਰ ਵਿਚ ਕਿਹਾ ਕਿ ਲੋਕਾਂ ਦੇ ਰੋਹ ਨੂੰ ਸਮਝਣ ਵਿਚ ਪ੍ਰਸ਼ਾਸਨ ਨਾਕਾਮ ਹੈ ਤੇ ਉਹਨਾਂ ਵਲੋਂ ਕੋਈ ਵੀ ਯਤਨ ਇਸ ਸਮੱਸਿਆ ਦੇ ਹੱਲ ਲਈ ਨਹੀਂ ਕੀਤਾ ਜਾ ਰਿਹਾ ਹੈ। ਇਸ ਮੌਕੇ ਦਵਿੰਦਰ ਸਿੰਘ ਟੈਕਸਲਾ, ਭਰਪੂਰ ਸਿੰਘ ਸੀਨੀਅਰ ਮੀਤ ਪ੍ਰਧਾਨ ਭਗਤ ਨਾਮਦੇਵ ਸਭਾ, ਓਮ ਪ੍ਰਕਾਸ਼ ਜਿੰਦਲ, ਦਰਸ਼ਨਪਾਲ ਗਰਗ, ਨਰਿੰਦਰ ਸਿੰਘ ਟਰਾਂਸਪੋਰਟਰ, ਜਸਵੰਤ ਸਿੰਘ, ਬਲਵਿੰਦਰ ਸਿੰਘ ਸਾਹਨੇਵਾਲੀ, ਲਾਭ ਸਿੰਘ ਸਿੱਧੂ, ਕੇਸਰ ਸਿੰਘ ਧਲੇਵਾਂ, ਖੇਮਨ ਪਰਤਾਪ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਚਹਿਲ, ਉਜਾਗਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਰਾਮ ਕ੍ਰਿਸ਼ਨ ਚੁੱਘ ਵੀ ਹਾਜ਼ਰ ਸਨ। ਬਲਰਾਜ ਨੰਗਲ ਨੇ ਸਾਰਾ ਦਿਨ ਮੰਚ ਸੰਚਾਲਨ ਦੀ ਕਾਰਵਾਈ ਕਰਦਿਆਂ ਇਹ ਸਪੱਸ਼ਟ ਕੀਤਾ ਕਿ ਧਰਨੇ ਵਿੱਚ ਵੱਖ ਵੱਖ ਵਰਗਾਂ ਤੇ ਫਿਰਕਿਆਂ ਦੀ ਨੁਮਾਇੰਦਗੀ ਦਿਨੋਂ ਦਿਨ ਵੱਧ ਰਹੀ ਹੈ ਪਰੰਤੂ ਜੋ ਪ੍ਰਸ਼ਾਸਨ ਦਾ ਰੁਝਾਨ ਹੈ ਉਹ ਨਾ ਪੱਖੀ ਹੈ ਜਿਸ ਦੇ ਚਲਦਿਆਂ ਵੱਡਾ ਸੰਘਰਸ਼ ਸਮੇਂ ਦੀ ਲੋੜ ਬਣ ਗਿਆ ਹੈ।

NO COMMENTS