*ਸੀਵਰੇਜ ਖਿਲਾਫ ਸ਼ਹਿਰੀਆਂ ਵੱਲੋਂ ਲਗਾਏ ਧਰਨੇ ਦੇ ਵਿੱਚ ਪਹੁੰਚੇ ਐਮ.ਐਲ.ਏ. ਕਈ ਹੱਲਾਂ ਤੇ ਵਿਚਾਰ ਪਰੰਤੂ ਧਰਨਾ ਬਰਕਰਾਰ*

0
155

ਮਾਨਸਾ 12 ਮਈ (ਸਾਰਾ ਯਹਾਂ/ਮੁੱਖ ਸੰਪਾਦਕ)ਸ਼ਹਿਰ ਵਿੱਚ ਵੱਖ ਵੱਖ ਮੁਹੱਲਿਆਂ ਵਿਚ ਘੁੰਮਦੇ ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਵੋਆਇਸ ਆਫ ਮਾਨਸਾ ਅਤੇ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਬੱਸ ਸਟੈਂਡ ਚੌਂਕ ਵਿੱਚ ਲਗਾਇਆ ਗਿਆ ਧਰਨਾ 12ਵੇਂ ਦਿਨ ਵਿਚ ਦਾਖਲ ਹੋ ਗਿਆ। ਅੱਜ ਗੁਰਦਿਆਲ ਸਿੰਘ, ਸੁਖਦੇਵ ਸਿੰਘ, ਪਾਲਾ ਰਾਮ, ਲਾਲ ਚੰਦ ਯਾਦਵ ਸਮੇਤ ਸੰਸਥਾ ਦੇ ਸੈਕਟਰੀ ਵਿਸ਼ਵਦੀਪ ਬਰਾੜ ਲੜੀਵਾਰ ਭੁੱਖ ਹੜਤਾਲ ਤੇ ਬੈਠੇ। ਧਰਨੇ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਸਿੰਘ ਮੂਸਾ ਨੇ ਲੋਕਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਸੀਨੀਅਰ ਸਿਟੀਜਨ ਆਗੂ ਬਿੱਕਰ ਸਿੰਘ ਮਘਾਣੀਆਂ ਨੇ ਵਿਸਥਾਰ ਵਿਚ ਸ਼ਹਿਰ ਦੀਆਂ ਸਮੱਸਿਆਂਵਾਂ ਤੇ ਇਹਨਾਂ ਕਾਰਨ ਸੀਨੀਅਰ ਸਿਟੀਜਨ ਸਮੇਤ ਨਾਗਰਿਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਫੌਰਨ ਹੱਲ ਕੀਤੇ ਜਾਣ ਦੀ ਮੰਗ ਕੀਤੀ।ਇਸ ਮੌਕੇ ਹਲਕਾ ਵਿਧਾਇਕ ਡਾ ਵਿਜੇ ਸਿੰਗਲਾ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਸਿੰਗਲਾ ਅਤੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨਾਲ ਧਰਨੇ ਵਿੱਚ ਸ਼ਾਮਿਲ ਹੋਏ। ਉਹਨਾਂ ਨਾਲ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਐਮ ਸੀ ਵਿਸ਼ਾਲ ਜੈਨ ਗੋਲਡੀ, ਦਵਿੰਦਰ ਕੁਮਾਰ, ਰਾਮ ਪਾਲ ਵੀ ਸਨ। ਧਰਨੇ ਵਿੱਚ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋਏ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਨੇ ਨਗਰ ਕੌਂਸਲ ਪ੍ਰਧਾਨ ਵਿਜੈ ਸਿੰਗਲਾ ਨੇ ਕਿਹਾ ਕਿ ਉਹਨਾਂ ਵਲੋਂ ਸੀਵਰੇਜ਼ ਦੀ ਸਫਾਈ ਲਈ ਜ਼ਿੰਮੇਵਾਰ ਕੰਪਨੀ ਦਾ ਸਮਝੌਤਾ ਰੱਦ ਕਰਕੇ ਨਗਰ ਕੌਂਸਲ ਨੂੰ ਇਹ ਜ਼ਿੰਮੇਵਾਰੀ ਸੌਂਪਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹੋਈਆਂ ਹਨ ਤੇ ਉਹ ਸ਼ਹਿਰ ਲਈ ਹਰ ਪੱਧਰ ਤੇ ਵਚਨਬੱਧ ਹਨ। ਆਏ ਹੋਏ ਮਹਿਮਾਨਾਂ ਨੂੰ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਵੋਆਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਕੀਤੇ ਜਾਣ ਵਾਲੇ ਹਰ ਉਦਮ ਲਈ ਸੰਸਥਾ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਪਰੰਤੂ ਜਿੰਨੀ ਦੇਰ ਤੱਕ ਠੋਸ ਹੱਲ ਨਹੀਂ ਨਹੀਂ ਹੁੰਦਾ ਉਨੀ ਦੇਰ ਸ਼ਹਿਰ ਦੇ ਲੋਕ ਧਰਨੇ ਤੇ ਬੈਠਣ ਲਈ ਮਜਬੂਰ ਹਨ। ਇਸ ਮੌਕੇ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ ਨੇ ਕਿਹਾ ਕਿ ਇਹ ਧਰਨਾ ਹੁਣ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਲੋਕ ਲਹਿਰ ਬਣ ਗਿਆ ਤੇ ਇਸ ਵਿਚ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਸਿਆਸੀ ਪਾਰਟੀਆਂ ਵੀ ਸਹਿਯੋਗ ਦੇ ਰਹੀਆਂ ਹਨ। ਸਮੱਸਿਆ ਦੇ ਹੱਲ ਬਾਰੇ ਦੱਸਦਿਆਂ ਮਾਨਸਾ ਦੇ ਐਮਐਲਏ ਡਾ ਵਿਜੇ ਸਿੰਗਲਾ ਨੇ ਕਿਹਾ ਕਿ ਉਹਨਾਂ ਵਲੋਂ ਵਿਧਾਨ ਸਭਾ ਵਿੱਚ ਮੁੱਦਾ ਚੁੱਕਣ ਤੋ ਇਲਾਵਾ ਹੁਣ ਤੱਕ ਹੱਲ ਲਈ ਥਰਮਲ ਪਲਾਂਟ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਉਹ ਕਰ ਚੁੱਕੇ ਹਨ ਤੇ ਜਲਦੀ ਹੀ ਇਸ ਬਾਰੇ ਕੋਈ ਠੋਸ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ। ਉਹਨਾਂ ਵੱਖ ਵੱਖ ਹੱਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿੱਜੀ ਤੌਰ ਤੇ ਉਹਨਾਂ ਨੂੰ ਵੀ ਥਰਮਲ ਵਲੋਂ ਟਰੀਟਮੈਂਟ ਪਲਾਂਟ ਦੇ ਪਾਣੀ ਦੀ ਵਰਤੋਂ ਕੀਤੇ ਜਾਣ ਹੀ ਠੋਸ ਹੱਲ ਜਾਪਦਾ ਹੈ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਇਸ ਮੌਕੇ ਉਹਨਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਥਰਮਲ ਤੇ ਵੀ ਲੋਕਾਂ ਵਲੋਂ ਜ਼ੋਰ ਪਾਉਣ ਲਈ ਉਹ ਸਮੂਹਿਕ ਰੂਪ ਵਿਚ ਅੱਗੇ ਆਉਣ ਲਈ ਤਿਆਰ ਹਨ। ਸਾਬਕਾ ਐਮ ਸੀ ਜਤਿੰਦਰ ਆਗਰਾ ਅਤੇ ਵਿਸ਼ਵਦੀਪ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਲੋਕਾਂ ਦੇ ਰੋਹ ਨੂੰ ਵੇਖਦਿਆਂ ਇਸ ਸਮੱਸਿਆ ਦਾ ਫੌਰਨ ਹੱਲ ਹੋਣਾ ਚਾਹੀਦਾ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਅੱਕਾਂਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀਵਰੇਜ ਸਮੇਤ ਸ਼ਹਿਰ ਵਿੱਚ ਵੱਖ ਵੱਖ ਸਮੱਸਿਆਵਾਂ ਦਾ ਪੱਕਾ ਹੱਲ ਕੀਤੇ ਜਾਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲ ਦੇ ਆਧਾਰ ਤੇ ਇਹ ਮਸਲਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਅਮਨ ਕੁਮਾਰ ਐਡਵੋਕੇਟ, ਸੰਦੀਪ ਘੰਡ, ਸੁਖਦੇਵ ਸਿੰਘ ਪੰਧੇਰ, ਪੈਨਸ਼ਨਰ ਐਸੋਸ਼ੀਏਸ਼ਨ ਦੇ ਸਕੱਤਰ ਜਗਦੀਸ਼ ਰਾਏ, ਰਾਮਨਾਥ ਧੀਰਾ, ਸ਼ਰਨਜੀਤ ਕੌਰ, ਇੰਦਰਜੀਤ ਕੌਰ, ਅਸ਼ੋਕ ਸਪੋਲੀਆ, ਗੁਰਦੀਪ ਸਿੰਘ, ਬਾਬਰ ਸਿੰਘ ਸਮੇਤ ਬਹੁਤ ਸਾਰੇ ਮੋਹਤਬਰ ਮੌਜੂਦ ਸਨ।

NO COMMENTS