ਮਾਨਸਾ 13 ਫਰਵਰੀ (ਸਾਰਾ ਯਹਾਂ/ਆਤਮਾ ਸਿੰਘ ਪਮਾਰ) ਸੀਵਰੇਜ਼ ਸਮੱਸਿਆ ਦਾ ਹੱਲ ਕਰਵਾਉਣ ਲਈ ਚੱਲ ਰਿਹਾ ਪੱਕਾ ਧਰਨਾ ਵਾਇਸ ਪ੍ਰਧਾਨ ਰਾਮਪਾਲ ਬੱਪੀਆਣਾ , ਅੰਮ੍ਰਿਤ ਪਾਲ ਗੋਗਾ , ਹੰਸਾ ਸਿੰਘ ਅਤੇ ਸਰਪੰਚ ਅਜੀਤ ਸਿੰਘ ਦੀ ਅਗਵਾਈ ਵਿੱਚ 109 ਵੇਂ ਦਿਨ ਵੀ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ । ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਡਾ.ਧੰਨਾ ਮੱਲ ਗੋਇਲ , ਕ੍ਰਿਸ਼ਨ ਚੌਹਾਨ ਅਤੇ ਭਗਵੰਤ ਸਮਾਉਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਮੀਦ ਸੀ ਕਿ ਆਪ ਸੁਪਰੀਮੋ ਵੱਲੋਂ ਦਿੱਲੀ ਵਿਖੇ ਕੀਤੀ ਮੀਟਿੰਗ ਵਿੱਚ ਕੀਤੇ ਮੰਥਨ ਵਿੱਚ ਲੋਕ ਸਮੱਸਿਆਵਾਂ ਦੇ ਨਾਲ ਨਾਲ ਪੰਜਾਬ ਵਿੱਚ ਮਾਨਸਾ ਸਮੇਤ ਸੀਵਰੇਜ਼ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਵੀ ਵਿਚਾਰ ਵਟਾਂਦਰਾ ਹੋਵੇਗਾ। ਪਰ ਅਜਿਹਾ ਕੁੱਝ ਵੀ ਨਜ਼ਰੀਂ ਨਹੀਂ ਆਇਆ । ਹੁਣ ਦੇਖਣਾ ਹੈ ਕਿ ਪੰਜਾਬ ਸਰਕਾਰ ਦੀ ਹੋਣ ਵਾਲੀ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਇਸ ਗੰਭੀਰ ਸਮੱਸਿਆ ਸਮੇਤ ਲੋਕਾਂ ਨਾਲ ਕੀਤੇ ਵਾਅਦੇ ਅਤੇ ਗਰੰਟੀਆਂ ਲਈ ਸਰਕਾਰ ਕੀ ਰੁੱਖ ਅਖਤਿਆਰ ਕਰਦੀ ਹੈ ,ਕਿਉਂਕਿ ਕਿ ਦਿੱਲੀ ਦੀ ਸਰਕਾਰ ਨੂੰ ਪੰਜਾਬ ਦੀ ਜਨਤਾ ਵੱਲੋਂ ਮਿਲੇ ਲੋਕ ਰੋਹ ਦਾ ਸੇਕ ਉਥੋਂ ਦੀ ਆਮ ਆਦਮੀ ਪਾਰਟੀ ਚੋਣਾਂ ਦੌਰਾਨ ਭੁਗਤ ਚੁੱਕੀ ਹੈ । ਬੁਲਾਰਿਆਂ ਨੇ ਗਰਮ ਸੁਰ ਰੱਖਦਿਆਂ ਕਿਹਾ ਕਿ ਧਰਨਾ ਸਥਾਈ ਹੱਲ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। 15 ਫਰਵਰੀ ਤੱਕ ਫੰਡਾਂ ਦੇ ਪ੍ਰਬੰਧ ਹੋ ਜਾਣ ਅਤੇ ਟੈਂਡਰ ਲੱਗ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਜੇਕਰ 15 ਫਰਵਰੀ ਤੱਕ ਵੀ ਵਾਅਦਾ ਪੂਰਾ ਨਹੀਂ ਹੁੰਦਾ ਤਾਂ ਸੰਘਰਸ਼ ਹੋਰ ਪ੍ਰਚੰਡ ਕੀਤਾ ਜਾਵੇਗਾ । ਇਸ ਸਮੇਂ ਭਗਵੰਤ ਸਮਾਉਂ, ਅਭੀ ਮੌੜ , ਈਸ਼ਵਰ ਦਾਸ, ਗਗਨਦੀਪ ਸਿਰਸੀਵਾਲਾ, ਮੰਗੂ ਸਿੰਘ ਖੋਖਰ, ਸੁਖਦੇਵ ਸਿੰਘ ਮਾਨਸਾ , ਹਰਮੇਲ ਸਿੰਘ, ਮੇਲਾ ਖਾਂ, ਤਾਰਾ ਸਿੰਘ, ਦਲਵਿੰਦਰ ਸਿੰਘ , ਰਾਜ ਸਿੰਘ ਗੋਗਾ, ਅਮਰੀਕ ਸਿੰਘ, ਰਤਨ ਭੋਲਾ ਆਦਿ ਆਗੂ ਵੀ ਮੌਜੂਦ ਸਨ।