(ਸਾਰਾ ਯਹਾਂ/ਬਿਊਰੋ ਨਿਊਜ਼ ) : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸਵਾਲਾਂ ਦੀ ਬੁਛਾੜ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਤੇ ਫਿਰ ਚਰਨਜੀਤ ਚੰਨੀ ਨੂੰ ਬਣਾ ਦਿੱਤਾ। ਕੀ ਰਾਹੁਲ ਗਾਂਧੀ ਨੇ ਇਸ ਬਾਰੇ ਜਨਤਾ ਨੂੰ ਪੁੱਛਿਆ ਸੀ ?
ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਤੇ ਹਰੀਸ਼ ਚੌਧਰੀ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਕੀ ਉਹ ਪੰਜਾਬ ਦੇ ਹਨ। ਉਨ੍ਹਾਂ ਨੇ ਅੱਗ ਕਿਹਾ ਕਿ ਰਾਹੁਲ ਗਾਂਧੀ ਨੇ ਇੱਕ ਮਹੀਨੇ ਤੱਕ ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੂੰ ਮੰਤਰੀ ਮੰਡਲ ਨਹੀਂ ਬਣਾਉਣ ਦਿੱਤਾ।
ਦਰਅਸਲ ਪਿਛਲੇ ਦਿਨੀਂ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਦੀ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਸੀ ਕਿ ਉਹ ਖੁਦ ਫੈਸਲੇ ਲੈਣ ਕਿਉਂਕਿ ਜਨਤਾ ਨੇ ਉਨ੍ਹਾਂ ਨੂੰ ਚੁਣਿਆ ਹੈ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਲਗਤਾਰ ਰਾਹੁਲ ਗਾਂਧੀ ਉੱਪਰ ਹਮਲਾਵਰ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਇਸ ਵੇਲੇ ‘ਭਾਰਤ ਜੋੜੋ ਯਾਤਰਾ’ ਕਰ ਰਹੇ ਹਨ। ਪਿਛਲੇ ਦਿਨੀਂ ‘ਭਾਰਤ ਜੋੜੋ ਯਾਤਰਾ’ ਦੇ ਆਖ਼ਰੀ ਦਿਨ ਰਾਹੁਲ ਗਾਂਧੀ ਨੇ ਪਠਾਨਕੋਟ ‘ਚ ਜਨਸਭਾ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਦੇ ਨਾਲ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਮੌਜੂਦ ਸਨ। ਇਸ ਦੌਰਾਨ ਰੈਲੀ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸੰਬੋਧਨ ਕੀਤਾ ਗਿਆ।