*ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦਾ ਜੁੜਿਆ ਬਿਹਾਰ ਕੁਨੈਕਸ਼ਨ, ਇਸ ਅਪਰਾਧੀ ਦੀ ਹੋਈ ਗ੍ਰਿਫਤਾਰੀ*

0
100

 17,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਕੁਨੈਕਸ਼ਨ ਬਿਹਾਰ ਤਕ ਪਹੁੰਚ ਗਿਆ ਹੈ। ਪੰਜਾਬ ਪੁਲਿਸ ਨੇ ਮੂਸੇ ਵਾਲਾ ਹੱਤਿਆਕਾਂਡ ਦੀ ਗੁੱਥੀ ਸੁਲਝਾਉਣ ਲਈ ਗੋਪਾਲਗੰਜ ਤੋਂ ਮੁਹੰਮਦ ਰਾਜਾ ਨਾਂ ਦੇ ਇੱਕ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ। ਮੁਹੰਮਦ ਰਾਜਾ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕੰਮ ਕਰਦਾ ਸੀ। ਐਸਪੀ ਆਨੰਦ ਕੁਮਾਰ ਨੇ ਸ਼ੁੱਕਰਵਾਰ ਨੂੰ ਰਾਜਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਗ੍ਰਿਫਤਾਰ ਰਾਜਾ ਦਿੱਲੀ, ਪੰਜਾਬ ਤੇ ਬਿਹਾਰ ਦੇ ਗੈਂਗ ਲਈ ਕੰਮ ਕਰਦਾ ਸੀ। ਪੰਜਾਬ ਪੁਲਿਸ ਗ੍ਰਿਫਤਾਰੀ ਤੋਂ ਬਾਅਦ ਟ੍ਰਾਂਜਿਟ ਰਿਮਾਂਡ ‘ਤੇ ਆਪਣੇ ਨਾਲ ਉਸ ਨੂੰ ਲੁਧਿਆਣਾ ਲੈ ਕੇ ਚਲੀ ਗਈ। ਪੰਜਾਬ ਪੁਲਿਸ ਨੇ ਰਾਜਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਜੁਆਇੰਟ ਆਪ੍ਰੇਸ਼ਨ ‘ਚ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਗੈਂਗਸਟਰ ਸ਼ਕਤੀ ਸਿੰਘ ਤੇ ਅਫਜਲ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਮੂਸੇਵਾਲਾ ਹੱਤਿਆਕਾਂਡ ਦਾ ਕੁਨੈਕਸ਼ਨ ਪੰਜਾਬ ਪੁਲਿਸ ਖੰਗਾਲ ਰਹੀ ਹੈ। ਗੋਪਾਲਗੰਜ ਦੇ ਐਸਪੀ ਆਨੰਦ ਕੁਮਾਰ ਨੇ ਦੱਸਿਆ ਕਿ ਕਾਰਵਾਈ ‘ਚ ਸਥਾਨਕ ਮੀਰਗੰਜ ਥਾਣੇ ਦੀ ਪੁਲਿਸ ਸ਼ਾਮਲ ਸੀ।

ਰਾਜਾ ‘ਤੇ ਗੋਪਾਲਗੰਜ ‘ਚ ਕਈ ਮਾਮਲੇ ਦਰਜ
ਗ੍ਰਿਫਤਾਰ ਅਪਰਾਧੀ ਰਾਜਾ ਖਿਲਾਫ ਗੋਪਾਲਗੰਜ ਦੇ ਮੀਰਗੰਜ ਅਤੇ ਉਚਕਾਗਾਂਵ ਥਾਣਿਆਂ ਵਿੱਚ ਕਤਲ ਦੀ ਕੋਸ਼ਿਸ਼, ਡਕੈਤੀ, ਆਰਮਜ਼ ਐਕਟ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਰਾਜਾ ਦੇ ਬੈਂਕ ਖਾਤੇ ‘ਚ ਫਿਰੌਤੀ ਦਾ ਪੈਸਾ ਆਉਂਦਾ ਸੀ। ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਫਿਰੌਤੀ ਮੰਗੀ ਗਈ ਸੀ ਅਤੇ ਕੁਝ ਪੈਸਿਆਂ ਦਾ ਲੈਣ-ਦੇਣ ਵੀ ਹੋਇਆ ਹੈ।

ਫਿਲਹਾਲ ਪੰਜਾਬ ਪੁਲਿਸ ਗੋਪਾਲਗੰਜ ਦੇ ਰਾਜਾ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕੁਝ ਵੱਡੇ ਖੁਲਾਸੇ ਹੋ ਸਕਦੇ ਹਨ। ਪੰਜਾਬ ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਇੱਕ ਵਾਰ ਫਿਰ ਰਾਜਾ ਦੇ ਸੰਪਰਕ ਵਿੱਚ ਆਏ ਬਿਹਾਰ ਦੇ 25 ਤੋਂ ਵੱਧ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵਧਾ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਪੰਜਾਬ ਦਾ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸੀ, ਜਿਸ ਦਾ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਅਪਰਾਧੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕਤਲ ਕੇਸ ਵਿੱਚ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗਰੁੱਪ ’ਤੇ ਸ਼ੱਕ ਕਰਦਿਆਂ ਲਾਰੈਂਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਲਾਰੈਂਸ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ। ਪੰਜਾਬ ਪੁਲਿਸ ਦੇ ਅਨੁਸਾਰ ਲੁਧਿਆਣਾ ਦੇ ਇੱਕ ਵਪਾਰੀ ਨੂੰ 4 ਜੂਨ ਨੂੰ ਅੰਤਰਰਾਸ਼ਟਰੀ ਅਤੇ ਭਾਰਤੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਆਈਆਂ ਸਨ। 

NO COMMENTS