*ਸਿੱਧੂ ਮੂਸੇਵਾਲਾ ਪੰਜਾਬੀ ਆਈਕਨ ਸਨ, ਰਹਿੰਦੇ ਦੋਸ਼ੀਆਂ ਨੂੰ ਛੇਤੀ ਫੜਿਆ ਜਾਵੇਗਾ- ਡੀ.ਜੀ.ਪੀ*

0
100

ਮਾਨਸਾ, 15 ਜੁਲਾਈ –  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵਿਸ਼ੇਸ਼ ਤੌਰ ‘ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ। ਉਨ੍ਹਾਂ ਮ੍ਰਿਤਕ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਭਰੋਸਾ ਦਿੱਤਾ ਕਿ ਰਹਿੰਦੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਸਖ਼ਤ ਸਜ਼ਾ ਦਿੱਤੀ ਜਾਵੇਗੀ । ਇਸ ਮੌਕੇ ਸਿੱਟ ਦੇ ਚੇਅਰਮੈਨ ਆਈਜੀ ਜਸਕਰਨ ਸਿੰਘ, ਗੌਰਵ ਤੂਰਾ ਐੱਸਐੱਸਪੀ ਮਾਨਸਾ, ਹਰਜਿੰਦਰ ਸਿੰਘ ਗਿੱਲ ਡੀਐੱਸਪੀ ਵੀ ਹਾਜ਼ਰ ਸਨ।
ਉੱਥੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਮਾਂ ਸਰਪੰਚ ਚਰਨ ਕੌਰ ਨੇ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਈ ਸਪਨੇ ਸਨ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਨੂੰ ਪੂਰਾ ਕਰੀਏ।
ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬੀ ਆਈਕਨ ਸਨ। ਉਨ੍ਹਾਂ ਦੇ ਕਤਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸਾਰੇ ਮੁਲਜ਼ਮਾਂ ਨੂੰ ਫੜ ਕੇ ਸਖ਼ਤ ਸਜ਼ਾ ਦਿਵਾਏਗੀ।
ਮੂਸੇਵਾਲਾ ਦੀ ਮਾਂ ਸਰਪੰਚ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਸੁਪਨਾ ਮੂਸਾ ਪਿੰਡ ਨੂੰ ਸਭ ਤੋਂ ਵਧੀਆ ਬਣਾਉਣ ਦਾ ਸੀ। ਉਹ ਪਿੰਡ ਦੇ ਸਟੇਡੀਅਮ ਨੂੰ ਡਿਵੈਲਪ ਕਰਨਾ ਚਾਹੁੰਦਾ ਸੀ। ਉਹ ਟੂਰਨਾਮੈਂਟ ਕਰਵਾਉਣਾ ਚਾਹੁੰਦਾ ਸੀ। ਪਿੰਡ ਵਿਚ ਕੈਂਸਰ ਹਸਪਤਾਲ ਬਣਾਉਣਾ ਚਾਹੁੰਦਾ ਸੀ। ਉਸ ਦਾ ਇਹ ਸਪਨਾ ਪੂਰਾ ਨਹੀਂ ਹੋ ਸਕਿਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸ ਦੇ ਸਪਨੇ ਨੂੰ ਪੂਰਾ ਕੀਤਾ ਜਾ ਸਕੇ।

NO COMMENTS