*ਸਿੱਧੂ ਨੂੰ ਇੱਕ ਹੋਰ ਝਟਕਾ, ਮਾਲੀ ਤੋਂ ਬਾਅਦ ਇਸ ਸਲਾਹਕਾਰ ਨੇ ਵੀ ਦਿੱਤਾ ਅਸਤੀਫਾ*

0
123

ਚੰਡੀਗੜ੍ਹ (ਸਾਰਾ ਯਹਾਂ) : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਰਹੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ: ਪਿਆਰਾ ਲਾਲ ਗਰਗ ਨੇ ਸਿੱਧੂ ਦਾ ਸਾਥ ਛੱਡ ਦਿੱਤਾ ਹੈ। ਦੱਸ ਦਈਏ ਕਿ ਉਨ੍ਹਾਂ ਨੇ ਖੁਦ ਨੂੰ ਸਲਾਹਕਾਰ ਨਿਯੁਕਤ ਕਰਨ ਦੀ ਸਹਿਮਤੀ ਵਾਪਸ ਲੈ ਲਈ ਹੈ। ਇਹ ਸਿੱਧੂ ਲਈ ਦੂਜਾ ਵੱਡਾ ਝਟਕਾ ਹੈ, ਕਿਉਂਕਿ ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦਾ ਅਹੁਦਾ ਆਪਣੀ ਵਿਵਾਦਤ ਟਿੱਪਣੀ ਤੋਂ ਬਾਅਦ ਛੱਡ ਦਿੱਤਾ ਸੀ।

ਦੱਸ ਦਈਏ ਕਿ ਗਰਗ ਇੱਕ ਮਸ਼ਹੂਰ ਸਰਜਨ ਹਨ। ਉਹ ਇੱਕ ਸਿੱਖਿਆ ਕਾਰਕੁਨ ਵੀ ਹੈ। ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਡਾ: ਗਰਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਗਰਗ ਦੇ ਨੇੜਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਚਿੱਠੀ ਵਿੱਚ ਕਿਹਾ ਕਿ ਸਿੱਧੂ ਇੱਕ ਅਜਿਹਾ ਵਿਅਕਤੀ ਹੈ ਜੋ ਕਾਂਗਰਸ ਲਈ ਨਵੇਂ ਵਿਚਾਰ ਲੈ ਕੇ ਆਇਆ, ਪਰ ਉਨ੍ਹਾਂ ਖਿਲਾਪ ਝੂਠੀ ਖ਼ਬਰਾਂ ਫੈਲਾ ਕੇ ਉਨ੍ਹਾਂ ਨੂੰ ਦੇਸ਼ ਤੋਂ ਕੱਢਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

ਨਾਲ ਹੀ ਪਿਆਰਾ ਲਾਲ ਗਰਗ ਨੇ ਕਿਹਾ ਕਿ ਅਜਿਹੇ ਲੋਕ ਸਿੱਧੂ ਦੇ ਬਹਾਨੇ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਉਹ ਉਨ੍ਹਾਂ ਨੂੰ ਸਲਾਹਕਾਰ ਬਣਨ ਲਈ ਦਿੱਤੀ ਗਈ ਸਹਿਮਤੀ ਵਾਪਸ ਲੈਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਿੱਧੂ ਆਪਣੀਆਂ ਗੰਭੀਰ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਦੇ ਯੋਗ ਹੋਣਗੇ। ਡਾ: ਗਰਗ ਲੰਮੇ ਸਮੇਂ ਤੋਂ ਪੰਜਾਬ ਦੇ ਹਿੱਤਾਂ, ਮਜ਼ਬੂਤ ​​ਸੰਘਵਾਦ ਅਤੇ ਸਮਾਨਤਾ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ‘ਤੇ ਬੋਲਣਾ ਬੰਦ ਨਹੀਂ ਕਰਨਗੇ।

ਦੱਸ ਦੇਈਏ ਕਿ ਮਾਲਵਿੰਦਰ ਸਿੰਘ ਮਾਲੀ ਅਤੇ ਪਿਆਰਾ ਲਾਲ ਗਰਗ ਵਿਵਾਦਤ ਟਿੱਪਣੀਆਂ ਕਾਰਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸੀ। ਇਸ ਕਾਰਨ ਪੰਜਾਬ ਦੀ ਸਿਆਸਤ ਗਰਮਾ ਗਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਨੂੰ ਤਲਬ ਕਰਨਾ ਪਿਆ। ਮਾਲਵਿੰਦਰ ਸਿੰਘ ਮਾਲੀ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ। ਹੁਣ ਪਿਆਰਾ ਲਾਲ ਗਰਗ ਨੇ ਸਲਾਹਕਾਰ ਦਾ ਅਹੁਦਾ ਵੀ ਛੱਡ ਦਿੱਤਾ ਹੈ।

NO COMMENTS