*ਸਿੱਧੂ ਦੇ ‘ਤਾਜਪੋਸ਼ੀ’ ਸਮਾਗਮ ‘ਚ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ, ਪੰਜ ਮੌਤਾਂ, ਦਰਜ਼ਨਾਂ ਜ਼ਖ਼ਮੀ*

0
102

ਮੋਗਾ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਅੱਜ ਮੋਗਾ-ਅੰਮ੍ਰਿਤਸਰ ਰੋਡ ‘ਤੇ ਦੋ ਬੱਸਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਹ ਹਾਦਸਾ ਕਰੀਬ ਪੌਣੇ ਅੱਠ ਵਜੇ ਵਾਪਰਿਆ। ਹਾਦਸੇ ਵਿੱਚ ਪੰਜ ਮੌਤਾਂ ਹੋ ਗਈਆਂ ਤੇ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਤੇ ਸਮਾਜ ਸੇਵਕਾਂ ਨੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਜ਼ਾਦਾ ਬੱਸ ਜੀਰਾ ਤੋਂ ਚੰਡੀਗੜ੍ਹ ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਰਕਰਾਂ ਨੂੰ ਲੈ ਕੇ ਜਾ ਰਹੀ ਸੀ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ 5 ਕਾਂਗਰਸੀ ਵਰਕਰਾਂ ਦੇ ਮਾਰੇ ਦੀ ਜਾਣ ਦੀ ਰਿਪੋਰਟ ਹੈ ਤੇ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਕੈਪਟਨ ਨੇ ਸਬੰਧਤ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਖ਼ਮੀਆਂ ਨੂੰ ਤੁਰੰਤ ਪ੍ਰਭਾਵ ਨਾਲ ਪੂਰੀ ਮੈਡੀਕਲ ਸੇਵਾਵਾਂ ਦਿੱਤੀਆਂ ਜਾਣ।

ਘਟਨਾ ਦਾ ਪਤਾ ਚੱਲਦਿਆਂ ਹੀ ਡਿਪਟੀ ਕਮਿਸ਼ਨਰ ਸੰਦੀਪ ਹਾਂਸ, ਡੀਐਸਪੀ ਧਰਮਕੋਟ ਸਰਦਾਰ ਸੁਬੇਗ ਸਿੰਘ ਮੌਕੇ ‘ਤੇ ਪੁੱਜੇ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਹ ਹਾਦਸਾ ਪ੍ਰਾਈਵੇਟ ਬੱਸ ਦੀ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ। ਇਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਤੇ ਦਰਜਨਾਂ ਵਿਅਕਤੀ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਹੈ। ਜ਼ਖ਼ਮੀ ਵਿਅਕਤੀ ਇੰਨੀ ਗਿਣਤੀ ਸਨ ਕਿ ਹਸਪਤਾਲ ਵਿੱਚ ਬੈਡਾਂ ਦੀ ਵੀ ਕਮੀ ਪੈ ਗਈ।

ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪੰਜਾਹ ਤੋਂ ਸੱਠ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਮੋਗਾ ਪਹੁੰਚਾਇਆ ਗਿਆ ਹੈ।

ਇਸ ਮੌਕੇ ਕੇਵਲ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬੜੀ ਮੁਸ਼ੱਕਤ ਨਾਲ ਦੋਵਾਂ ਬੱਸਾਂ ਵਿੱਚੋਂ ਬਾਹਰ ਕੱਢਿਆ ਤੇ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ।

NO COMMENTS