-ਸਿੱਖਿਆ ਸੰਸਥਾਵਾਂ ਦੇ ਸਟਾਫ਼ ਵੱਲੋਂ ਲੋਕਾਂ ਨੂੰ ਕੀਤਾ ਗਿਆ ਕੋਰੋਨਾ ਤੋਂ ਬਚਾਅ ਲਈ ਜਾਗਰੂਕ

0
13

ਮਾਨਸਾ, 30 ਜੂਨ  (ਸਾਰਾ ਯਹਾ /ਜੋਨੀ ਜਿੰਦਲ) : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਚਲਾਏ ਗਏ ਮਿਸ਼ਨ ਫਤਿਹ ਤਹਿਤ ਅੱਜ ਉਚ ਸਿੱਖਿਆ ਸੰਸਥਾਵਾਂ ਦੇ ਪ੍ਰੋਫੈਸਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਮਿਸ਼ਨ ਫਤਿਹ ਯੋਧੇ ਬਣਨ ਲਈ ਪ੍ਰੇਰਿਤ ਕੀਤਾ ਗਿਆ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਪ੍ਰੋਫੈਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਖਿਲਾਫ਼ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਕਾਲਜ ਦੀਆਂ ਟੀਮਾਂ ਦਾ ਗਠਨ ਕਰਕੇ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ। ਪ੍ਰੋ. ਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ ਵੱਖ-ਵੱਖ ਟੀਮਾਂ ਤਿਆਰ ਕਰਕੇ ਵਾਰਡ ਨੰਬਰ 1 ਅਤੇ ਵਾਰਡ ਨੰਬਰ 2 ਦੇ ਘਰਾਂ ਵਿੱਚ ਭੇਜੀਆਂ ਗਈਆਂ, ਜਿਸ ਦੌਰਾਨ ਟੀਮਾਂ ਵੱਲੋਂ ਲੋਕਾਂ ਨੂੰ ਦੱਸਿਆ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਘਰਾਂ ਤੋਂ ਬਾਹਰ ਨਿਕਲਣ ਸਮੇਂ ਮਾਸਕ ਲਗਾਓ, ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਬਾਰ-ਬਾਰ ਆਪਣੇ ਹੱਥਾਂ ਨੂੰ ਸਾਬਨ ਨਾਲ ਧੋਵੋ, ਤਾਂ ਜੋ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਇਸੇ ਤਰ੍ਹਾਂ ਐਸ.ਡੀ.ਕੰਨਿਆ ਮਹਾਂਵਿਦਿਆਲਿਆ ਮਾਨਸਾ ਦੇ ਪ੍ਰਿੰਸੀਪਲ ਸ਼੍ਰੀਮਤੀ ਜਗਮੋਹਿਨੀ ਗਾਬਾ ਨੇ ਦੱਸਿਆ ਕਿ ਸੂਬੇ ਅੰਦਰ ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਡੋਰ ਟੂ ਡੋਰ ਕੰਟੈਕਟ ਪ੍ਰੋਗਰਾਮ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਦਾ ਫਰਜ਼ ਹੈ ਕਿ ਉਹ ਆਪਣੇ ਵਿਦਿਆਰਥੀ ਅਤੇ ਸਮਾਜ ਨੂੰ ਸਹੀ ਰਾਹ ਦਿਖਾਉਣ ਲਈ ਹਮੇਸ਼ਾਂ ਤਤਪਰ ਰਹੇ।  ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਅੱਜ ਕਾਲਜ ਦੇ ਸਟਾਫ਼ ਵੱਲੋਂ ਅੱਜ ਵਾਰਡ ਨੰਬਰ 20 ਅਤੇ ਵਾਰਡ ਨੰਬਰ 22 ਦੇ ਵਸਨੀਕਾਂ ਨੂੰ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਸੁਰੱਖਿਆ ਲਈ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਸਾਵਧਾਨੀਆਂ ਦੀ ਵਰਤੋਂ ਨਾਲ ਅਸੀਂ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਵੀ ਅਪੀਲ ਕੀਤੀ।   ਇਸ ਜਾਗਰੂਕਤਾ ਟੀਮ ਵਿੱਚ ਪ੍ਰੋ. ਸੀਮਾ ਜਿੰਦਰ, ਡਾ. ਅਮਿਤ ਕਾਂਸਲ, ਡਾ. ਅਵਿਨਾਸ਼ ਕੁਮਾਰ, ਡਾ. ਰਜਨੀ ਬਾਲਾ, ਪ੍ਰੋ. ਅੰਬੇਸ਼ ਭਾਰਦਵਾਜ, ਪ੍ਰੋ. ਕੁਲਦੀਪ ਸਿੰਘ ਢਿੱਲੋਂ, ਪ੍ਰੋ. ਅਮਨਦੀਪ ਸਿੰਘ, ਡਾ. ਹਰਵਿੰਦਰ ਕੌਰ, ਪ੍ਰੋ. ਅਜਮੀਤ ਕੌਰ, ਪ੍ਰੋ. ਸਿੰਪਲ ਬਾਂਸਲ, ਪ੍ਰੋ. ਲੋਕੇਸ਼ ਗਰਗ, ਪ੍ਰੋ. ਕੁਲਦੀਪ ਚੌਹਾਨ, ਪ੍ਰੋ. ਤਨਵੀਰ ਸਿੰਘ, ਪ੍ਰੋ. ਵਿਕੇਸ਼ ਬਾਂਸਲ ਅਤੇ ਪ੍ਰੋ. ਗਗਨਦੀਪ ਕੁਮਾਰ ਹਾਜ਼ਰ ਸਨ।

NO COMMENTS