ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਪਣੇ ਹੱਥੀਂ ਮਾਸਕ ਬਣਾਉਣ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ ਐਨ ਐਸ ਐਸ ਵਲੰਟੀਅਰਾਂ ਨੂੰ ਫੋਨ ਤੇ ਦਿੱਤੀ ਹੱਲਾਸ਼ੇਰੀ।

0
53

ਮਾਨਸਾ, 20 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਸਿੱਖਿਆ ਸਕੱਤਰ ਕ੍ਹਿਸ਼ਨ ਕੁਮਾਰ ਨੇ ਅੱਜ ਮਾਨਸਾ ਜ਼ਿਲ੍ਹੇ ਦੀਆਂ ਉਨ੍ਹਾਂ ਹੋਣਹਾਰ ਵਿਦਿਆਰਥਣਾਂ ਨਾਲ ਫੋਨ ਤੇ ਸਿੱਧੀ ਗੱਲਬਾਤ ਕਰਦਿਆਂ ਹੌਸਲਾ ਅਫਜਾਈ ਕੀਤੀ ਜੋ ਪਿੰਡਾਂ ਦੇ ਵਿੱਚ ਆਪਣੇ ਹੱਥੀਂ ਮਾਸਕ ਤਿਆਰ ਕਰਕੇ ਵੰਡ ਰਹੀਆਂ ਹਨ, ਸਿੱਖਿਆ ਸਕੱਤਰ ਨੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਕਿ ਉਨ੍ਹਾਂ ਦੀਆਂ ਧੀਆਂ ਇਸ ਔਖ ਦੀ ਘੜੀ ਦੌਰਾਨ ਮਾਨਵਤਾ ਦੀ ਭਲਾਈ ਲਈ ਵੱਡਾ ਕਾਰਜ ਕਰ ਰਹੀਆਂ ਹਨ।
ਅੱਜ ਸਿੱਖਿਆ ਸਕੱਤਰ ਨੇ ਬਾਅਦ ਦੁਪਹਿਰ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੀ ਵਿਦਿਆਰਥਣ ਰੇਨੂ ਕੌਰ ਪੁਤਰੀ ਜੋਗਿੰਦਰ ਸਿੰਘ , ਸਰਕਾਰੀ ਸੈਕੰਡਰੀ ਗਰਲਜ਼ ਸਕੂਲ ਮਾਨਸਾ ਦੀ ਜੈਸਮੀਨ ਅਤੇ ਹੋਰ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲ੍ਹੋ ਵੀ ਇਨ੍ਹਾਂ ਲੜਕੀਆਂ ਦੀ ਪੜ੍ਹਾਈ ਲਈ ਹਰ ਸਹਿਯੋਗ ਦਿੱਤਾ ਜਾਵੇਗਾ।
ਸਿੱਖਿਆ ਵਿਭਾਗ ਦੇ ਮੀਡੀਆ ਸਕੱਤਰ ਹਰਦੀਪ ਸਿੱਧੂ ਨਾਲ ਉਨ੍ਹਾ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਐਨ ਐਸ ਐਸ ਯੂਨਿਟਾਂ ਨਾਲ ਜੁੜੀਆਂ ਇਹਨਾਂ ਵਿਦਿਆਰਥਣਾਂ ਨੂੰ ਵਿਭਾਗ ਵੱਲ੍ਹੋ ਵਿਸ਼ੇਸ਼ ਸਨਮਾਨ ਪੱਤਰ ਦਿੱਤੇ ਜਾਣਗੇ,ਨਾਲ ਹੀ ਸਿੱਖਿਆ ਵਿਭਾਗ ਵਿਚ ਚਲ ਰਹੀਆਂ ਯੂਨਿਟਾਂ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ ਤਾਂ ਕਿ ਹਰ ਵਿਦਿਆਰਥੀ ਇਨ੍ਹਾਂ ਬੱਚੀਆਂ ਵਾਂਗ ਕੌਮੀ ਸੇਵਾ ਯੋਜਨਾ ਦੇ ਅਸਲ ਮਾਟੋ ਨੂੰ ਸਮਝ ਸਕੇ, ਉਨ੍ਹਾਂ ਐਨ ਐਸ ਐਸ ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਨੂੰ ਵੀ ਵਧਾਈ ਦਿੱਤੀ ਕਿ ਜਿੰਨਾਂ ਦੀ ਸਹੀ ਨਿਰਦੇਸ਼ਨਾਂ ਨਾਲ ਇਹ ਵਿਦਿਆਰਥਣਾਂ ਮਾਨਵਤਾ ਦੀ ਭਲਾਈ ਲਈ ਜੁਟੀਆਂ ਹੋਈਆਂ ਹਨ।
ਇਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਲਗਭਗ ਇਕ ਦਰਜ਼ਨ ਦੇ ਕਰੀਬ ਸਰਕਾਰੀ ਸਕੂਲਾਂ ਨਾਲ ਸਬੰਧਤ ਐਨ ਐਨ ਐਸ ਵਿਦਿਆਰਥਣਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਪਣੇ ਘਰਾਂ ਵਿੱਚ ਅਪਣੇ ਹੱਥੀਂ ਮਾਸਕ ਬਣਾਕੇ ਪਿੰਡਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾ ਰਹੀਆਂ ਹਨ। ਇਹ ਵਿਦਿਆਰਥਣਾਂ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ, ਭੀਖੀ, ਬੀਰ ਹੋਡਲਾ ਕਲਾਂ, ਮੂਸਾ,ਆਲਮਪੁਰ ਮੰਦਰਾਂ, ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਮਾਰਟ ਸਕੂਲ ਬੋਹਾ, ਬਰੇਟਾ, ਕੁਲਰੀਆਂ ਦੀਆਂ ਐਨ ਐਸ ਐਸ ਵਲੰਟੀਅਰਾਂ ਹਨ ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਸੁਰਜੀਤ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਜੋ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ ਚ ਐਨ ਐਸ ਐਸ ਯੂਨਿਟਾਂ ਦੀ ਸੁਚੱਜੀ ਅਗਵਾਈ ਕਰ ਰਹੇ ਹਨ ਅਤੇ ਨਹਿਰੂ ਯੁਵਾ ਕੇਂਦਰ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ,ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਭਾਰਤੀ, ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਮੋਹਲ, ਮੀਡੀਆ ਕੋਆਰਡੀਨੇਟਰ ਰਾਜੇਸ਼ ਬੁਢਲਾਡਾ ਨੇ ਐਨ ਐਸ ਐਸ ਵਲੰਟੀਅਰਾਂ ਦੀ ਕਾਰਗੁਜ਼ਾਰੀ ਤੇ ਮਾਣ ਮਹਿਸੂਸ ਕੀਤਾ।

NO COMMENTS