ਮਾਨਸਾ 26 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਸਿੱਖਿਆ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਜ਼ਿਲ੍ਹੇ ਦੇ 490 ਪ੍ਰਾਇਮਰੀ, ਐਲੀਮੈਂਟਰੀ, ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਵੇਰੇ ਦੀ ਸਭਾ ਦੌਰਾਨ ਸਹੁੰ ਚੁਕਾਉਣ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ, ਮਾਪਿਆਂ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ/ਸੈਕੰਡਰੀ ਸਿੱਖਿਆ) ਸ੍ਰੀ ਸੰਜੀਵ ਕੁਮਾਰ ਗੋਇਲ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ. ਵਿਜੈ ਕੁਮਾਰ ਮਿੱਢਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀ ਗੁਰਲਾਭ ਸਿੰਘ ਦੀ ਅਗਵਾਈ ’ਚ ਪਰਾਲੀ ਨਾ ਸਾੜਣ ਸਬੰਧੀ ਖੁਦ ਸਹੁੰ ਚੁੱਕਣ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਸਾਰੇ ਸਕੂਲਾਂ ਵਿੱਚ ਪਰਾਲੀ ਨਾ ਸਾੜਣ ਸਬੰਧੀ ਸਹੁੰ ਚੁਕਾਈ ਗਈ ਅਤੇ ਪ੍ਰਣ ਪੱਤਰ ਭਰਵਾਏ ਗਏ। ਇਸ ਤੋ ਇਲਾਵਾ ਭਾਸ਼ਣ,ਪੇਂਟਿੰਗ, ਲੇਖ ਅਤੇ ਚੇਤਨਾ ਰੈਲੀਆਂ ਕਰਵਾਈਆਂ ਗਈਆਂ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਵਿਜੈ ਕੁਮਾਰ ਮਿੱਢਾ ਨੇ ਵੱਖ ਵੱਖ ਸਕੂਲਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਅਧਿਆਪਕ, ਵਿਦਿਆਰਥੀ ਅਪਣਾ ਵੱਡਾ ਰੋਲ ਅਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਚ ਅਧਿਆਪਕ, ਵਿਦਿਆਰਥੀ ਕਿਸਾਨੀ ਨਾਲ ਜੁੜੇ ਹੋਏ ਹਨ, ਜਿਸ ਕਾਰਨ ਉਹ ਪਰਾਲੀ ਨਾ ਸਾੜਣ ਦੀ ਮੁਹਿੰਮ ਚ ਵੱਡਾ ਰੋਲ ਨਿਭਾਅ ਕੇ ਵਾਤਾਵਰਣ ਨੂੰ ਬਚਾਅ ਸਕਦੇ ਹਨ।
ਨੋਡਲ ਅਫਸਰ ਪਰਵਿੰਦਰ ਸਿੰਘ ਡੀ ਐੱਮ ਕੰਪਿਊਟਰ ਨੇ ਦੱਸਿਆ ਕਿ ਜਿਲ੍ਹੇ ਭਰ ਦੇ ਸਕੂਲਾਂ ’ਚ ਪਰਾਲੀ ਨਾ ਸਾੜਣ ਸਬੰਧੀ ਚਲਾਈ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ’ਚ ਭਾਗ ਲੈਣ ਦੇ ਨਾਲ ਨਾਲ ਅਪਣੇ ਮਾਪਿਆਂ ਅਤੇ ਹੋਰਨਾਂ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਨਾ ਸਾੜਣ ਸਬੰਧੀ ਜਾਗਰੂਕ ਕੀਤਾ।