ਸਿੱਖਿਆ ਮੰਤਰੀ ਨੇ ਛੇ ਜ਼ਿਲ੍ਹਿਆਂ ਦੇ ‘ਅੰਬੈਸਡਰ ਆਫ਼ ਹੋਪ’ ਦੇ ਜੇਤੂਆਂ ਨੂੰ ਲੈਪਟਾਪ, ਐਂਡਰਾਇਡ ਟੈਬਲੇਟ ਨਾਲ ਕੀਤਾ ਸਨਮਾਨਤ

0
16

ਚੰਡੀਗੜ੍ਹ, 30 ਅਕਤੂਬਰ  (ਸਾਰਾ ਯਹਾ / ਮੁੱਖ ਸੰਪਾਦਕ): ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸੰਖੇਪ ਸਮਾਗਮ ਕਰਵਾ ਕੇ ਛੇ ਹੋਰ ਜ਼ਿਲ੍ਹਿਆਂ ਨਾਲ ਸਬੰਧਤ ‘ਅੰਬੈਸਡਰ ਆਫ਼ ਹੋਪ’ ਦੇ ਜੇਤੂਆਂ ਨੂੰ ਐਪਲ ਆਈਪੈਡ, ਲੈਪਟਾਪ ਅਤੇ ਐਂਡਰਾਇਡ ਟੈਬਲੇਟ ਨਾਲ ਸਨਮਾਨਿਤ ਕੀਤਾ। ਰਿਕਾਰਡਤੋੜ ਆਨਲਾਈਨ ਮੁਕਾਬਲੇ ਦਾ ਗਵਾਹ ਬਣੇ ‘ਅੰਬੈਸਡਰ ਆਫ਼ ਹੋਪ’ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕਰਨ ਲਈ ਕੈਬਨਿਟ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪਠਾਨਕੋਟ ਅਤੇ ਜਲੰਧਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਕੂਲੀ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਸਿੱਖਿਆ ਮੰਤਰੀ ਨੇ ਜ਼ਿਲ੍ਹਾ ਜਲੰਧਰ, ਕਪੂਰਥਲਾ, ਤਰਨ ਤਾਰਨ, ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਪਹਿਲੇ, ਦੂਜੇ ਅਤੇ ਤੀਜੇ ਇਨਾਮ ਜੇਤੂਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਲਈ ਉਤਸ਼ਾਹਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰੱਖਣੀ ਚਾਹੀਦੀ ਹੈ ਤੇ ਗ਼ਲਤੀਆਂ ਤੋਂ ਡਰਨਾ ਨਹੀਂ ਚਾਹੀਦਾ ਅਤੇ ਆਪਣੇ ਉਦੇਸ਼ ਦੀ ਪੂਰਤੀ ਲਈ ਸਦਾ ਸਾਕਾਰਾਤਮਕ ਰਵੱਈਆ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਅੰਬੈਸਡਰ ਆਫ਼ ਹੋਪ’ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੋਵਿਡ-19 ਦੇ ਨਾਕਾਰਾਤਮਕ ਮਾਹੌਲ ਵਿੱਚ ਉਸਾਰੂ ਗਤੀਵਿਧੀਆਂ ਵਿੱਚ ਮਸਰੂਫ਼ ਰੱਖਣਾ ਸੀ, ਜੋ ਕਾਰਗਰ ਸਾਬਤ ਹੋਇਆ ਹੈ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਖ਼ਤਰੇ ਕਾਰਨ ਉਨ੍ਹਾਂ ਨੇ ਜੇਤੂਆਂ ਨੂੰ ਪੜਾਅਵਾਰ ਢੰਗ ਨਾਲ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਸੀ। ਸੰਗਰੂਰ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ 7 ਜ਼ਿਲ੍ਹਿਆਂ ਬਰਨਾਲਾ, ਬਠਿੰਡਾ, ਫ਼ਰੀਦਕੋਟ, ਮਾਨਸਾ, ਪਟਿਆਲਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜੇਤੂਆਂ ਨੂੰ ‘ਅੰਬੈਸਡਰ ਆਫ਼ ਹੋਪ’ ਵਜੋਂ ਸਨਮਾਨਤ ਕੀਤਾ ਗਿਆ, ਜਦੋਂ ਕਿ ਪੰਜ ਹੋਰ ਜ਼ਿਲ੍ਹਿਆਂ ਫ਼ਤਹਿਗੜ੍ਹ ਸਾਹਿਬ, ਐਸ.ਏ.ਐਸ. ਨਗਰ, ਰੂਪਨਗਰ, ਐਸ.ਬੀ.ਐਸ. ਨਗਰ ਅਤੇ ਹੁਸ਼ਿਆਰਪੁਰ ਦੇ ਜੇਤੂਆਂ ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਸਨਮਾਨਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਕੀ ਜ਼ਿਲ੍ਹਿਆਂ ਵਿੱਚ ਹੋਰ ਸਥਾਨਾਂ ’ਤੇ ਵੀ ਅਜਿਹੇ ਸੰਖੇਪ ਸਮਾਗਮ ਕੀਤੇ ਜਾਣਗੇ, ਜਿਨ੍ਹਾਂ ਵਿੱਚ ਜੇਤੂਆਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ‘ਅੰਬੈਸਡਰ ਆਫ਼ ਹੋਪ’ ਤਹਿਤ ਕੁੱਲ 66 ਮੁੱਖ ਇਨਾਮਾਂ ਤੋਂ ਇਲਾਵਾ ਸਾਰੇ 22 ਜ਼ਿਲ੍ਹਿਆਂ ਦੇ ਤਕਰੀਬਨ 1000 ਜੇਤੂਆਂ ਨੂੰ ਹੌਸਲਾ ਵਧਾਊ ਇਨਾਮ ਵੀ ਦਿੱਤੇ ਜਾ ਰਹੇ ਹਨ।
ਸ੍ਰੀ ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਲਾਬੰਦੀ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਲਈ ਆਪਣੀ ਰਚਨਾਤਮਕਤਾ ਨੂੰ ਸਾਂਝਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਸਕੂਲ ਜਾਣ ਵਾਲੇ 1,05,898 ਵਿਦਿਆਰਥੀਆਂ ਵੱਲੋਂ ‘ਅੰਬੈਸਡਰ ਆਫ਼ ਹੋਪ’ ਲਈ ਆਪਣੀਆਂ ਵੀਡੀਉਜ਼ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ, “ਜੇਤੂਆਂ ਦੀ ਚੋਣ ਨਿਰੋਲ ਮੈਰਿਟ ਦੇ ਅਧਾਰ ‘ਤੇ ਕੀਤੀ ਗਈ ਹੈ।” ਕੈਬਨਿਟ ਮੰਤਰੀ ਨੇ ਕਿਹਾ ਕਿ 8 ਦਿਨਾਂ ਤੱਕ ਨਿਰੰਤਰ ਜਾਰੀ ਰਹੀ ਇਸ ਮੁਹਿੰਮ ਨੇ ਇਕ ਵਿਸ਼ਵ ਰਿਕਾਰਡ ਬਣਾਇਆ ਕਿਉਂਕਿ ਇਸ ਆਨਲਾਈਨ ਵੀਡਿਉ ਮੁਕਾਬਲੇ ਵਿੱਚ ਸਕੂਲੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਉੱਭਰਦੇ ਸਿਤਾਰਿਆਂ ਅਤੇ ਉਨ੍ਹਾਂ ਦੀ ਰਚਨਾਤਮਕਤਾ ਬਾਰੇ ਇਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਦਿਆਂ ਸਕੂਲ ਸਿੱਖਿਆ ਮੰਤਰੀ ਨੇ ਕਿਹਾ, “ਬੱਚਿਆਂ ਤੋਂ ਭਰਪੂਰ ਹੁੰਗਾਰਾ ਮਿਲਣ ਨਾਲ ਸਾਨੂੰ ਬਹੁਤ ਖ਼ੁਸ਼ੀ ਹੋਈ ਹੈ। ਮੇਰੇ ਲਈ ਹਰ ਬੱਚਾ ਹੀ ਜੇਤੂ ਹੈ। ਮੈਂ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਿਰਫ਼ ਇਕ ਕਾਲ ‘ਤੇ ਵੀਡੀਉ ਜ਼ਰੀਏ ਨਵੇਂ ਤੇ ਰਚਨਾਤਮਕ ਵਿਚਾਰ ਸਾਂਝੇ ਕੀਤੇ।” ਸ੍ਰੀ ਸਿੰਗਲਾ ਨੇ ਵਿਦਿਆਰਥੀਆਂ ਦਾ ਸਹੀ ਮਾਰਗ-ਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਕੀਤੇ ਯਤਨਾਂ ਲਈ ਮਾਪਿਆਂ, ਅਧਿਆਪਕਾਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ।
‘ਅੰਬੈਸਡਰ ਆਫ਼ ਹੋਪ’ ਦੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਪਹਿਲੇ ਇਨਾਮ ਜੇਤੂ ਕ੍ਰਮਵਾਰ ਇਸ ਤਰ੍ਹਾਂ ਹਨ; ਕ੍ਰਾਈਸਟ ਦਿ ਕਿੰਗ ਕਾਨਵੈਂਟ ਸਕੂਲ ਦਾ 5ਵੀਂ ਜਮਾਤ ਦਾ ਵਿਦਿਆਰਥੀ ਆਰਿਤ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ 5ਵੀਂ ਜਮਾਤ ਦਾ ਵਿਦਿਆਰਥੀ ਰਿਦਾਨ ਕਪੂਰ, ਏ.ਪੀ.ਜੇ. ਸਕੂਲ ਦਾ 10ਵੀਂ ਜਮਾਤ ਦਾ ਵਿਦਿਆਰਥੀ ਗੋਪੇਸ਼ ਗੁਪਤਾ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਚੌਥੀ ਜਮਾਤ ਦਾ ਵਿਦਿਆਰਥੀ ਜਸਨੂਰ ਸਿੰਘ, ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਜਮਾਤ ਦਾ ਵਿਦਿਆਰਥੀ ਵੰਸ਼ ਪੁੰਜ ਅਤੇ ਮੈਰੀਗੋਲਡ ਪਬਲਿਕ ਸਕੂਲ, ਅਲੀਵਾਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਨੂੰ ਐਪਲ ਆਈਪੈਡ ਦਿੱਤੇ ਗਏ। 
ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਦੂਜੇ ਇਨਾਮ ਦੇ ਹੱਕਦਾਰ ਸੇਂਟ ਜੋਜ਼ੇਫ਼ ਕਾਨਵੈਂਟ ਸਕੂਲ ਦਾ 8ਵੀਂ ਜਮਾਤ ਦਾ ਵਿਦਿਆਰਥੀ ਯਤੀ, ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਸਮਰੀਨ ਕੌਰ, ਐਮ.ਜੀ.ਐਨ. ਪਬਲਿਕ ਸਕੂਲ ਦਾ 8ਵੀਂ ਜਮਾਤ ਦਾ ਵਿਦਿਆਰਥੀ ਰਮਨਜੋਤ ਸਿੰਘ, ਸਰਕਾਰੀ ਹਾਈ ਸਕੂਲ ਗਾਜੀ ਗੁਡਾਨਾ ਦੇ 8ਵੀਂ ਜਮਾਤ ਦੇ ਦੋ ਵਿਦਿਆਰਥੀ ਕੁਲਵੰਤ ਸਿੰਘ ਅਤੇ ਰਾਜਪਾਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰਨਾਲਾ ਦਾ 12ਵੀਂ ਜਮਾਤ ਦਾ ਵਿਦਿਆਰਥੀ ਅਜਾਦਵਿੰਦਰ ਸਿੰਘ ਅਤੇ ਸੇਂਟ ਫ਼ਰਾਂਸਿਸ ਸਕੂਲ, ਬਟਾਲਾ ਦੇ ਚੌਥੀ ਜਮਾਤ ਦੇ ਵਿਦਿਆਰਥੀ ਲਹਿਰ ਗੁਪਤਾ ਨੂੰ ਲੈਪਟਾਪ ਦੇ ਕੇ ਸਨਮਾਨਤ ਕੀਤਾ ਗਿਆ।
ਇਸੇ ਤਰ੍ਹਾਂ ਤੀਸਰਾ ਇਨਾਮ ਜੇਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਧਾਨੀ ਦੀ 11ਵੀਂ ਜਮਾਤ ਦੀ ਵਿਦਿਆਰਥਣ ਭਾਰਤੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਿਆਸ ਦਾ 10ਵੀਂ ਜਮਾਤ ਦਾ ਵਿਦਿਆਰਥੀ ਰਾਹੁਲ ਕੁਮਾਰ, ਆਰ.ਕੇ.ਐਮ.ਜੀ.ਐਮ. ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਮੋਨਾ ਕਸ਼ਯਪ, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੀ 6ਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ, ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਦੀ ਦੂਜੀ ਜਮਾਤ ਦੀ ਵਿਦਿਆਰਥਣ ਨਿਮਰਤ ਬਾਵਾ ਅਤੇ ਵੁੱਡਸਟਾਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੀ 11ਵੀਂ ਜਮਾਤ ਦੀ ਵਿਦਿਆਰਥਣ ਪਾਹੁਲਪ੍ਰੀਤ ਕੌਰ ਨੂੰ ਐਂਡਰਾਇਡ ਟੈਬਲੇਟ ਨਾਲ ਸਨਮਾਨਤ ਕੀਤਾ ਗਿਆ।——————

NO COMMENTS