ਸਿੰਚਾਈ ਪਾਈਪ ਲਾਈਨ ਪਾਉਣ ਲਈ ਰੱਖੀਆਂ ਪਲਾਸਟਿਕ ਦੀਆਂ ਪਾਈਪਾਂ ਨੂੰ ਅਚਾਨਕ ਲੱਗੀ ਅੱਗ

0
117

ਮਾਨਸਾ 17 ਮਈ  (ਸਾਰਾ ਯਹਾ/ ਬਪਸ): ਪਿੰਡ ਨੰਗਲਾ ਨੂੰ ਸਿੰਚਾਈ ਪਾਈਪ ਲਾਈਨ ਪਾਉਣ ਲਈ ਪਿੰਡ ਜੌੜਕੀਆਂ ਅਤੇ ਨੰਗਲਾ ਦੀ ਹੱਦ ਉੱਪਰ ਰੱਖੀਆਂ ਪਲਾਸਟਿਕ ਦੀਆਂ ਪਾਈਪਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਪਾਈਪਾਂ ਭਾਖੜਾ ਹੈਡ ਚੂਹੜੀਆਂ ਤੋਂ ਪਿੰਡ ਨੰਗਲਾਂ ਦੇ ਖੇਤਾਂ ਦੀ ਸਿੰਚਾਈ ਲਈ ਪਾਈਪਲਾਈਨ ਪਾਉਣ ਲਈ ਰੱਖੀਆਂ ਗਈਆਂ ਸਨ । ਪਰ ਨਹਿਰੀ ਵਿਭਾਗ ਕੋਲ ਪਾਣੀ ਪੂਰਾ ਨਾ ਹੋਣ ਕਰਕੇ ਅਤੇ ਪਿੰਡਾਂ ਦੁਆਰਾ ਚੱਲ ਰਹੇ ਕੋਰਟ ਕੇਸਾਂ  ਕਰਕੇ ਇਸ ਪਾਈਪ ਲਾਈਨ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਹੈ। ਜਿਸ ਕਰਕੇ ਇਹ ਪਾਈਪਾਂ ਪਿਛਲੇ ਕਈ ਸਾਲਾਂ ਤੋਂ ਅਲੱਗ ਅਲੱਗ ਥਾਵਾਂ ਤੇ ਖੇਤਾਂ ਵਿੱਚ ਹੀ ਪਈਆਂ ਹੋਈਆਂ ਹਨ । ਅੱਜ ਸਵੇਰੇ ਲਗਭਗ 10 ਵਜੇ  ਪਿੰਡ ਜੌੜਕੀਆਂ ਅਤੇ ਨੰਗਲਾ ਦੀ ਹੱਦ ਉੱਪਰ ਇੱਕ ਖੇਤ ਵਿੱਚ ਪਈਆਂ ਲਗਭਗ 158 ਪਾਈਪਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਇਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ । ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਵਿੱਚੋਂ ਉੱਠਦੇ ਧੂੰਏਂ ਦੇ ਗੁਬਾਰ ਨੇੜੇ ਤੇੜੇ ਦੇ ਦਸ ਪਿੰਡਾਂ ਤੋਂ ਦਿਖਾਈ ਦੇ ਰਹੇ ਸਨ ।ਅੱਗ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਥਾਣਾ ਜੌੜਕੀਆਂ ਦੇ ਇੰਚਾਰਜ ਅਜੈ ਕੁਮਾਰ ਪਰੋਚਾ ਵੀ ਆਪਣੀ ਪਾਰਟੀ ਸਮੇਤ ਉੱਥੇ ਪਹੁੰਚੇ  । ਇਹ ਅੱਗ ਏਨੀ ਭਿਆਨਕ ਸੀ ਕਿ ਤਿੰਨ ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਲਗਭਗ ਤਿੰਨ ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਇਹ ਸਾਰੀਆਂ ਪਾਈਪਾਂ ਸੜ ਕੇ ਸਵਾਹ ਹੋ ਚੁੱਕੀਆਂ ਸਨ । ਪਿੰਡ  ਨੰਗਲਾ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਇੱਥੇ 158 ਪਾਈਪਾਂ ਰੱਖੀਆਂ ਹੋਈਆਂ ਸਨ ਜੋ ਕਿ ਸਾਰੀਆਂ ਸੜ ਚੁੱਕੀਆਂ ਹਨ ਅਤੇ ਇਸ ਇੱਕ ਪਾਈਪ ਦੀ ਕੀਮਤ ਲੱਗਭੱਗ 35 ਤੋਂ 40  ਹਜ਼ਾਰ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲਗਭਗ 50 ਤੋਂ 55 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ ਤੇ ਪਹੁੰਚੇ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਪੁਲਿਸ ਵੱਲੋਂ  ਅੱਗ ਲੱਗਣ ਦੇ ਕਾਰਨ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਅੱਗ ਕੁਦਰਤੀ ਤੌਰ ਤੇ ਲੱਗੀ ਹੈ ਜਾਂ ਫਿਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਣਬੁੱਝ ਕੇ ਲਗਾਈ ਗਈ ਹੈ ਅਤੇ ਜਲਦੀ ਹੀ ਸਾਰੀ ਜਾਂਚ ਪੜਤਾਲ ਪੂਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।

ਵਰਣਨਯੋਗ ਹੈ ਕਿ ਇਸ ਅੱਗ ਨੂੰ ਬੁਝਾਉਣ ਲਈ ਫਾਇਰ ਸਟੇਸ਼ਨ ਸਰਦੂਲਗੜ੍ਹ, ਫਾਇਰ ਸਟੇਸ਼ਨ ਮਾਨਸਾ ਅਤੇ ਬਣਾਂਵਾਲੀ ਥਰਮਲ ਤੋਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਪਰ ਇਹ ਗੱਡੀਆਂ ਸਮੇਂ ਸਿਰ ਨਾ ਪਹੁੰਚ ਸਕੀਆਂ । ਇਨ੍ਹਾਂ ਗੱਡੀਆਂ ਦੇ ਆਉਣ ਤੋਂ ਪਹਿਲਾਂ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਨੇ ਸਪਰੇਅ ਕਰਨ ਵਾਲੇ ਪਾਣੀ ਦੇ ਪੰਪਾਂ ਰਾਹੀਂ ਇਨ੍ਹਾਂ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਆਮ ਲੋਕ ਇਸ ਅੱਗ ਤੇ ਆਪਣੀਆਂ ਕੋਸ਼ਿਸ਼ਾ ਨਾਲ ਕਾਬੂ ਨਾ ਪਾ ਸਕੇ ਜਿਸ ਕਰਕੇ ਸਾਰੀਆਂ ਪਾਈਪਾਂ ਪੂਰੀ ਤਰ੍ਹਾਂ ਸੜ ਗਈਆਂ । ਬਣਾਂਵਾਲੀ ਥਰਮਲ ਵੱਲੋਂ ਪਹੁੰਚੀ ਫਾਇਰ ਬ੍ਰਿਗੇਡ ਗੱਡੀ ਵਿੱਚ ਪਾਣੀ ਵੀ ਪੂਰਾ ਨਹੀਂ ਸੀ ਥੋੜ੍ਹਾ ਪਾਣੀ ਹੋਣ ਕਰਕੇ ਕੁਝ ਸਮੇਂ ਬਾਅਦ ਹੀ ਉਹ ਖਾਲੀ ਹੋ ਗਈ ਅਤੇ ਉਸ ਤੋਂ ਬਾਅਦ ਲੰਬਾ ਸਮਾਂ ਉਹ ਗੱਡੀ ਖਾਲੀ ਹੀ ਸਾਈਡ ਤੇ ਖੜ੍ਹੀ ਰਹੀ ਅਤੇ ਬਾਅਦ ਵਿੱਚ ਉਸ ਨੂੰ ਦੁਬਾਰਾ ਪਾਣੀ ਦੀ ਭਰ ਕੇ ਲਿਆਂਦਾ ਗਿਆ ਮਾਨਸਾ ਤੋਂ ਆਈ ਫਾਇਰ ਬਿਗ੍ਰੇਡ ਦੀ ਗੱਡੀ ਆਉਣ ਤੱਕ ਇਹ ਅੱਗ ਬੁੱਝ ਚੁੱਕੀ ਸੀ । ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜੇਕਰ ਨੇੜੇ ਹੀ ਕੋਈ ਫਾਇਰ ਬਿਗ੍ਰੇਡ ਦੀ ਗੱਡੀ ਉਪਲਬਧ ਹੁੰਦੀ ਤਾਂ ਸ਼ਾਇਦ ਇੰਨਾ ਜ਼ਿਆਦਾ ਨੁਕਸਾਨ ਨਾ ਹੁੰਦਾ। ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਵੀ ਇਸ ਘਟਨਾ ਸਥਾਨ ਤੇ ਵਿਸ਼ੇਸ਼ ਤੌਰ ਤੇ ਪਹੁੰਚੀ । ਬਲਜਿੰਦਰ ਕੌਰ ਨੇ ਪਿੰਡ ਨੰਗਲਾ ਦੇ ਕਿਸਾਨਾਂ ਦੀਆਂ ਪਾਈਪਾਂ ਸੜਨ ਕਰਕੇ ਹੋਏ ਨੁਕਸਾਨ ਤੇ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਨੇ ਉੱਥੇ ਪਹੁੰਚੇ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਅਤੇ ਥਾਣਾ ਜੋੜਕੀਆਂ ਦੇ ਇੰਚਾਰਜ ਅਜੈ ਕੁਮਾਰ ਪਰੋਚਾ ਨੂੰ ਕਿਹਾ ਕਿ ਉਹ ਇਸ ਘਟਨਾ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਸੱਚਾਈ ਸਾਹਮਣੇ ਲੈ ਕੇ ਆਉਣ ।ਥਾਣਾ ਜੌੜਕੀਆਂ ਦੇ ਇੰਚਾਰਜ ਅਜੈ ਕੁਮਾਰ ਪਰੋਚਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ।ਕੈਪਸ਼ਨ: 1 ਘਟਨਾ ਸਥਾਨ ਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਅਤੇ ਡੀਐਸਪੀ ਸੰਜੀਵ ਗੋਇਲ ਲੋਕਾਂ ਨਾਲ ਗੱਲਬਾਤ ਕਰਦੇ ਹੋਏ    ।    
2.ਪਾਈਪਾਂ ਨੂੰ ਅੱਗ ਲੱਗਣ ਤੋਂ ਬਾਅਦ ਅਸਮਾਨ ਨੂੰ ਛੂੰਹਦੇ ਹੋ ਉੱਠਦੇ ਧੂੰਏਂ ਦੇ ਗੁਬਾਰ 

NO COMMENTS