*ਸਿਹਤ ਵਿਭਾਗ ਵੱਲੋਂ 12 ਅਕਤੂਬਰ ਤੱਕ ਏਡਜ਼ ਦੀ ਬਿਮਾਰੀ ਸਬੰਧੀ ਚਲਾਈ ਜਾ ਰਹੀ ਹੈ ਜਨ ਚੇਤਨਾ ਮੁਹਿੰਮ-ਸਿਵਲ ਸਰਜਨ*

0
46

ਮਾਨਸਾ, 20 ਸਤੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ 12 ਅਕਤੂਬਰ ਤੱਕ ਐਚ.ਆਈ.ਵੀ., ਏਡਜ਼ ਦੀ ਬਿਮਾਰੀ ਨੂੰ ਰੋਕਣ ਲਈ ਜਨ ਚੇਤਨਾ ਮੁਹਿੰਮ ਚਲਾਈ ਜਾ ਰਹੀ ਹੈ, ਇਸ ਮੁਹਿੰਮ ਤਹਿਤ ਸਿਵਲ ਸਰਜਨ ਡਾ. ਹਰਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਅੰਜੂ ਕਾਂਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਮੈਡੀਕਲ ਅਫ਼ਸਰ ਡਾ.ਅਰਸ਼ਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਏਡਜ਼ ਸਬੰਧੀ ਇਕ ਸੈਮੀਨਾਰ ਰਾਹੀ ਜਾਗਰੂਕ  ਕੀਤਾ ਗਿਆ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਅਰਸ਼ਦੀਪ ਸਿੰਘ ਧਾਲੀਵਾਲ  ਨੇ ਕਿਹਾ ਕਿ ਜੇ ਅਸੀ ਆਪਣੀ ਜਿੰਦਗੀ ਸਾਡੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਬਤੀਤ ਕਰੀਏ ਤਾਂ ਅਸੀ ਜ਼ਿੰਦਗੀ ਵਿੱਚ ਕਈ ਗਲਤੀਆਂ ਅਤੇ ਕਈ ਜਾਨਲੇਵਾ ਬਿਮਾਰੀਆਂ ਤੋਂ ਬਚ ਸਕਦੇ ਹਾਂ। ਐਚ.ਆਈ.ਵੀ. ਤੋਂ ਲਾਗ ਲੱਗਣ ਦੇ ਕਾਰਨਾਂ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਏਡਜ਼ ਇੱਕ ਲਾ-ਇਲਾਜ ਬਿਮਾਰੀ ਹੈ ਅਤੇ ਪਰਹੇਜ਼ ਹੀ ਇਸ ਦਾ ਇਲਾਜ ਹੈ।
ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਸੂਈਆਂ-ਸਰਿੰਜਾਂ ਦੀ ਵਰਤੋਂ, ਦੂਸ਼ਿਤ ਖੂਨ ਦੀ ਵਰਤੋਂ, ਅਸੁਰੱਖਿਅਤ ਸਰੀਰਿਕ ਸਬੰਧ, ਰੋਗ ਗ੍ਰਸਤ ਮਾਂ ਤੋਂ ਬੱਚੇ ਨੂੰ ਵੀ ਹੋਣ ਦੀ ਸੰਭਾਵਨਾ ਹੁੰਦੀ ਹੈ। ਇਹ ਬਿਮਾਰੀ ਇੱਕ ਵਾਇਰਸ ਰਾਹੀਂ ਫੈਲਦੀ ਹੈ ਜਿਸ ਨੂੰ ਹਿਊਮਨ ਇਮ ਡੈਫੀਜਸੀ ਵਾਇਰਸ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਵਿਚਲੀ ਰੋਗਾਂ ਵਿਰੁੱਧ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਭਿਆਨਕ ਬਿਮਾਰੀ ਨੂੰ ਫੈਲਾਉਣ ਵਿੱਚ ਦੇਹ ਵਪਾਰ ਦਾ ਵੱਡਾ ਹੱਥ ਹੈ ਜਿਸ ਦਾ ਮੁੱਖ ਕਾਰਨ ਅਗਿਆਨਤਾ ਹੈ।
ਡਾ. ਧਾਲੀਵਾਲ ਨੇ ਦੱਸਿਆ ਕਿ ਗਲਵੱਕੜੀ ਪਾਉਣ, ਹੱਥ ਮਿਲਾਉਣਾ, ਥੁੱਕਣ-ਖਾਂਸੀ, ਅੱਥਰੂ, ਬਰਤਨ, ਕੱਪੜੇ, ਸਾਬਣ ਆਦਿ ਰਾਹੀਂ ਇਹ ਬਿਮਾਰੀ ਫੈਲਣ ਦਾ ਕੋਈ ਖਤਰਾ ਨਹੀਂ ਹੈ। ਨੈਲਸਨ ਮਡੇਲਾ ਦਾ ਕਹਿਣਾ ਹੈ ਕਿ ਏਡਜ ਭਾਵੇਂ ਮਾਨਵਤਾ ਦੇ ਖਿਲਾਫ ਇੱਕ ਯੁੱਧ ਹੈ ਪਰ ਪੂਰੀ ਜਾਣਕਾਰੀ ਸਿੱਖਿਆ ਅਤੇ ਸੰਚਾਰ ਵਸੀਲਿਆਂ ਰਾਹੀਂ ਕਾਫੀ ਹੱਦ ਤੱਕ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਭਾਰਤ ਵਿੱਚ ਏਡਜ ਦਾ ਪਹਿਲਾ ਕੇਸ 1986 ਵਿੱਚ ਪਤਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਏਡਜ਼ ਦੇ ਸਾਰੇ ਟੈਸਟ ਅਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆ ਹਨ। ਇਸ ਮੌਕੇ ਗਣਿਤ ਲੈਕਚਰਾਰ ਰਮਨਪਦੀਪ ਕੌਰ, ਗੁਰਪ੍ਰੀਤ ਸਿੰਘ, ਲਛਮਣ ਸਿੰਘ, ਸੁਖਦੀਪ ਕੌਰ, ਦਰਸ਼ਨ ਸਿੰਘ, ਨਵਜੋਤ ਸਿੰਘ, ਹਰਪ੍ਰੀਤ ਕੌਰ, ਪ੍ਰੇਮ ਯੋਸੇਫ, ਬੇਅੰਤ ਕੌਰ ਅਤੇ ਰਾਜੇਸ਼ ਕੁਮਾਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਸਕੂਲੀ ਬੱਚੇ ਮੌਜੂਦ ਸਨ।

NO COMMENTS