*ਸਿਹਤ ਵਿਭਾਗ ਵੱਲੋਂ ਨੈਸ਼ਨਲ ਕਾਲਜ ਭੀਖੀ ਵਿਖੇ ਮਨਾਇਆ ਜ਼ਿਲ੍ਹਾ ਪੱਧਰੀ ਵਿਸ਼ਵ ਹਲਕਾਅ ਦਿਵਸ*

0
25

ਮਾਨਸਾ, 29 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਮਾਨਸਾ ਡਾ. ਹਰਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਵਿਸ਼ਵ ਹਲਕਾਅ ਦਿਵਸ ਨੈਸ਼ਨਲ ਕਾਲਜ ਭੀਖੀ ਵਿਖੇ ਮਨਾਇਆ ਗਿਆ। ਇਸ ਮੌਕੇ ਨੈਸ਼ਨਲ ਰੇਬੀਜ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫਸਰ ਐਪੀਡੀਮੈਲੋਜਿਸਟ ਸ਼੍ਰੀ ਸ਼ੰਤੋਸ ਭਾਰਤੀ ਨੇ ਦੱਸਿਆ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਜਾਨਵਰ ਕੱਟ-ਵੱਢ ਲਵੇ ਜਾਂ ਖਰੋਚਾਂ ਮਾਰ ਦੇਵੇ, ਤਾਂ ਉਸ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਅਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜਾਨਵਰਾਂ ਦੇ ਕੱਟੇ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਹੈਲਥ ਸੁਪਰਵਾਇਜ਼ਰ ਸ਼੍ਰੀ ਰਾਮ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਲਤੂ ਪਸ਼ੂ ਰੱਖੇ ਹੋਏ ਹਨ, ਉਨ੍ਹਾਂ ਦਾ ਸਮੇਂ-ਸਮੇਂ ’ਤੇ ਲੋੜੀਂਦਾ ਟੀਕਾਕਰਣ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਜਾਨਵਰ ਦੇ ਵੱਢਣ ਤੋਂ ਬਾਅਦ ਉਸ ਦੀ ਮੌਕੇ ’ਤੇ ਸਹੀ ਸੰਭਾਲ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ 20 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਰੈਬੀਜ਼ ਨਾਲ ਹੁੰਦੀ ਹੈ। ਇਹ ਬਿਮਾਰੀ ਕੁੱਤੇ ਤੋਂ ਇਲਾਵਾ ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਅਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ।
ਉਨ੍ਹਾਂ ਦੱਸਿਆ ਕਿ ਪਾਲਤੂ ਜਾਨਵਰਾਂ ਦਾ ਖਾਸ ਤੌਰ ’ਤੇ ਧਿਆਨ ਰੱਖਿਆ ਜਾਵੇ, ਉਨ੍ਹਾਂ ਨੂੰ ਗਲੀ-ਮੁਹੱਲਿਆਂ ਵਿੱਚ ਨਹੀਂ ਛੱਡਣਾ ਚਾਹੀਦਾ, ਉਨ੍ਹਾਂ ਨਾਲ ਕਦੀ ਵੀ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ, ਜਿਵੇਂ ਕਿ ਜਾਨਵਰ ਦੇ ਲੱਤ ਮਾਰਨੀ, ਪੂੰਛ ਖਿੱਚਣੀ ਜਾਂ ਪੱਥਰ ਮਾਰਨਾ ਆਦਿ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਿਅਕਤੀ ਨੂੰ ਜਾਨਵਰ ਵੱਢ ਲਵੇ ਤਾਂ ਜ਼ਖ਼ਮ ਨੂੰ ਤਰੁੰਤ ਸਾਬਣ ਅਤੇ ਚਲਦੇ ਪਾਣੀ ਨਾਲ ਪੰਦਰਾਂ ਮਿੰਟ ਤੱਕ ਧੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਖ਼ਮ ਨੂੰ ਮੌਕੇ ’ਤੇ ਉਪਲੱਬਧ ਆਇਓਡੀਨ, ਸਪਿਰਟ ਜਾਂ ਘਰ ਵਿੱਚ ਉਪਲੱਬਧ ਐਂਟੀਸੈਪਟਿਕ ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ ਅਤੇ ਬਿਨ੍ਹਾਂ ਕਿਸੇ ਦੇਰੀ ਤੋਂ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਪ੍ਰੋਫੈਸਰ ਸ਼ੰਟੀ ਕੁਮਾਰ, ਪ੍ਰੋ. ਗੁਰਸੇਵਕ ਸਿੰਘ, ਪ੍ਰੋ.ਦੀਪਕ ਜਿੰਦਲ, ਪ੍ਰੋ.ਵਿਕਰਮਜੀਤ ਕੌਰ, ਪ੍ਰੋ. ਕੁਲਦੀਪ ਸਿੰਘ, ਗੁਰਜੰਟ ਸਿੰਘ ਏ.ਐਮ.ਓ ਅਤੇ ਗੁਰਦੀਪ ਸਿੰਘ ਐਸ.ਆਈ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।    

NO COMMENTS