*ਸਿਹਤ ਵਿਭਾਗ ਵੱਲੋਂ ਚੀਰਾਰਹਿਤ ਨਸਬੰਦੀ ਪੰਦਰਵਾੜੇ ਤਹਿਤ ਪਰਿਵਾਰ ਨਿਯੋਜਨ ਬਾਰੇ ਕੀਤਾ ਜਾਵੇਗਾ ਜਾਗਰੂਕ*

0
14

ਮਾਨਸਾ 24 ਨਵੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ):
ਸਿਹਤ ਵਿਭਾਗ ਵੱਲੋਂ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਰਾਏ ਨੇ ਕਿਹਾ ਕਿ ‘ਛੋਟਾ ਪਰਿਵਾਰ ਸੁਖੀ ਪਰਿਵਾਰ’ ਦੇ ਨਾਅਰੇ ’ਤੇ ਅਮਲ ਕਰਦਿਆਂ ਹਰੇਕ ਵਿਅਕਤੀ ਨੂੰ ਆਪਣਾ ਪਰਿਵਾਰ ਛੋਟਾ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੇ ਬੱਚਿਆਂ ਦੇ ਵਧੀਆ ਪਾਲਣ ਪੋਸ਼ਣ ਦੇ ਨਾਲ ਨਾਲ ਉਨ੍ਹਾਂ ਨੂੰ ਹੋਰ ਲੋੜੀਂਦੀਆਂ ਸਾਰੀਆਂ ਸਹੂਲਤਾਂ ਦੇ ਸਕੀਏ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਪਰਿਵਾਰ ਨਿਯੋਜਨ ਦੀਆ ਸਹੂਲਤਾਂ ਸਰਕਾਰੀ ਸਿਹਤ ਕੇਂਦਰ ’ਤੇ ਮੁਫ਼ਤ ਉਪਲੱਬਧ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਅਮਲੇ ਵਲੋਂ ਲੋਕਾਂ ਨੂੰ ਵਧ ਰਹੀ ਆਬਾਦੀ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਪਰਿਵਾਰ ਨਿਯੋਜਨ ਦੀਆ ਸੇਵਾਵਾਂ ਨੂੰ ਹਾਸਲ ਕਰਨ ਲਈ ਯੋਗ ਜੋੜਿਆ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
          ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਜਸਕੰਵਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਯੋਗ ਜੋੜਿਆ ਨੂੰ 27 ਨਵੰਬਰ ਤੱਕ ਪਰਿਵਾਰ ਨਿਯੋਜਨ ਦੇ ਪੱਕੇ ਅਤੇ ਕੱਚੇ ਸਾਧਨਾ ਬਾਰੇ ,ਖਾਸ ਕਰਕੇ ਚੀਰਾਰਹਿਤ ਨਸਬੰਦੀ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਜ਼ਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿਚ ਨਸਬੰਦੀ ਸਬੰਧੀ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਾ ਟੀਕਾ ਗਰਭ ਨਿਯੋਜਨ ਦਾ ਵਧੀਆ ਸਾਧਨ ਹੈ। ਇਸ ਨਾਲ ਤਿੰਨ ਮਹੀਨੇ ਗਰਭ ਧਾਰਨ ਦੀ ਚਿੰਤਾ ਖਤਮ ਹੋ ਜਾੰਦੀ ਹੈ ਅਤੇ ਤਿੰਨ ਮਹੀਨੇ ਬਾਅਦ ਟੀਕਾ ਫਿਰ ਲਗਵਾਉਣਾ ਪੈਂਦਾ ਹੈ। ਇਹ ਟੀਕਾ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਉਪਲੱਬਧ ਹੈ।
ਉਨ੍ਹਾਂ ਦੱਸਿਆ ਕਿ ਦੋ ਬੱਚਿਆਂ ਵਿਚਕਾਰ ਵਿਥ ਪਾੳਣ ਲਈ ਕਾਪਰ ਟੀ, ਮਾਲਾ ਐਨ, ਪੀ.ਪੀ.ਆਈ.ਯੂ.ਸੀ.ਡੀ. ਅਤੇ ਸੀ.ਸੀ. ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਧ ਤੋਂ ਵਧ ਇਸ ਪਰਿਵਾਰ ਨਿਯੋਜਨ ਪੰਦਰਵਾੜੇ ਦਾ ਲਾਭ ਲੈਣ।

NO COMMENTS