ਮਾਨਸਾ, 30 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸਨ ਪੰਜਾਬ ਰਜਿ. 295 ਜ਼ਿਲ੍ਹਾ ਅੰਮ੍ਰਿਤਸਰ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਅਤੇ ਵਿਸਥਾਰ ਕਰਨ ਲਈ ਵਿਉਂਤਬੰਦੀ ਕਰਦਿਆਂ ਜਥੇਬੰਦਕ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਰਹੀਆਂ ਊਣਤਾਈਆਂ ਨਾਲ ਲੇਖਾ ਜੋਖਾ ਕੀਤਾ । ਮੌਜੂਦਾ ਹਾਲਤਾਂ ਤੇ ਵਿਚਾਰ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ ਨੇ ਸੰਬੋਧਨ ਕਰਦਿਆਂ ਪਿਛਲੇ ਦਿਨੀਂ ਪ੍ਰਿੰਟ/ ਸੋਸ਼ਲ ਮੀਡੀਆ ਤੇ ਆਈ ਖ਼ਬਰ ਮੁਤਾਬਕ ਜ਼ਿਲ੍ਹਾ ਅੰਮ੍ਰਿਤਸਰ ਦੇ ਸਿਹਤ ਵਿਭਾਗ ਵੱਲੋਂ ਜਲਦੀ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਦੀ ਪ੍ਰੈਕਟਿਸ ਬੰਦ ਕਰਵਾਉਣ ਲਈ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਵਲਟੋਹਾ ਤੋਂ ਪੰਜਾਬੀ ਅਖ਼ਬਾਰ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਸਬੰਧੀ ਲੱਗੇ ਬਿਆਨ ਵਿੱਚ ਵਰਤੀ ਭੱਦੀ ਸ਼ਬਦਾਵਲੀ ਸਬੰਧੀ ਚਰਚਾ ਕਰਦਿਆਂ ਇਸ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਬੇਸ਼ੱਕ ਸਬੰਧਤ ਪੱਤਰਕਾਰ ਅਤੇ ਆਗੂ ਵੱਲੋਂ ਸ਼ਰਮਿੰਦਗੀ ਮਹਿਸੂਸ ਕਰਦਿਆਂ ਆਪਣੀ ਗਲਤੀ ਵੀ ਮੰਨ ਲਈ ਹੈ। ਉਹਨਾਂ ਸਿਹਤ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਫ ਸੁਥਰੀ ਪ੍ਰੈਕਟਿਸ ਕਰਦੇ ਮੈਡੀਕਲ ਪੈ੍ਕਟੀਸ਼ਨਰਾਂ ਤੇ ਕੋਈ ਕਾਰਵਾਈ ਕਰਨ ਜਾਂ ਤੰਗ ਪ੍ਰੇਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨਸਾਫ਼ ਪਸੰਦ ਲੋਕਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਬੱਝਵਾਂ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ ਉਹਨਾਂ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਨਸ਼ਿਆਂ ਅਤੇ ਭਰੂਣ ਹੱਤਿਆਂ ਸਬੰਧੀ ਸੁਚੇਤ ਕਰਦਿਆਂ ਜਥੇਬੰਦੀ ਦੀ ਪ੍ਰਿਤ ਅਨੁਸਾਰ ਨੁੱਕੜ ਮੀਟਿੰਗਾਂ , ਸੈਮੀਨਾਰ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣ ਲਈ ਪ੍ਰੇਰਦਿਆਂ ਸੂਬਾ ਕਮੇਟੀ ਵੱਲੋਂ ਉਲੀਕੇ ਹਰ ਕਾਰਜ਼ ਨੂੰ ਤਨਦੇਹੀ ਨਾਲ ਨੇਪਰੇ ਚਾੜਨ ਅਤੇ ਜਥੇਬੰਦਕ ਜ਼ਾਬਤੇ ਨੂੰ ਲਾਗੂ ਕਰਨ ਲਈ ਵੀ ਪ੍ਰੇਰਿਆ । ਪੰਜਾਬ ਵਿੱਚੋਂ ਚੁਣੇ ਸੰਸਦ ਮੈਂਬਰ ਸਹਿਬਾਨ ਨਾਲ ਮਿਲ ਕੇ ਚੋਣ ਮੁਹਿੰਮ ਦੌਰਾਨ ਅਤੇ ਉਹਨਾਂ ਦੀ ਪਾਰਟੀ ਵੱਲੋਂ ਕੀਤੇ ਚੋਣ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਸਿਹਤ ਸੇਵਾਵਾਂ ਪ੍ਰਤੀ ਕੇਂਦਰੀ ਕਾਨੂੰਨ ਐਨ.ਐਮ.ਸੀ ਵਿੱਚ ਸੋਧ ਕਰਕੇ ਤਜਰਬੇਕਾਰ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਵੀ ਬ੍ਰਿਜ ਕੋਰਸ ਕਰਵਾ ਕੇ ਮੁਢਲੀਆਂ ਸਿਹਤ ਸਹੂਲਤਾਂ ਦੇਣ ਦੀ ਮਾਨਤਾ ਦੇਣ ਦੀ ਮੰਗ ਨੂੰ ਲੋਕ ਸਭਾ ਵਿੱਚ ਉਠਾ ਕੇ ਪੂਰਾ ਕਰਵਾਉਣ ਦੇ ਯਤਨ ਕਰਨ ਦੀ ਖੇਚਲ ਕਰਨ। ਗੋਇਲ ਨੇ ਅਰੂੰਧਤੀ ਰਾਏ ਅਤੇ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਤੇ ਯੂ.ਏ.ਪੀ.ਏ ਲਗਾ ਕੇ ਅਵਾਜ਼ ਬੰਦ ਕਰਨ ਅਤੇ ਕਿਰਤ ਕੋਡ ਲਾਗੂ ਕਰਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਥੇਬੰਦੀਆਂ ਵੱਲੋਂ ਸਾਂਝੇ ਰੂਪ ‘ਚ ਸੰਘਰਸ਼ ਕਰਨ ਦੀ ਹਮਾਇਤ ਦਾ ਵੀ ਐਲਾਨ ਕੀਤਾ। ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਸਰਵਣ ਸਿੰਘ ਮਨੂੰ , ਅਜਨਾਲਾ ਦੇ ਪ੍ਰਧਾਨ ਮੁਖਤਿਆਰ ਸਿੰਘ ਚੇਤਨਪੁਰਾ, ਜ਼ਿਲ੍ਹਾ ਸੀਨੀਅਰ ਵਾਇਸ ਪ੍ਰਧਾਨ ਰੁਪਿੰਦਰ ਸਿੰਘ, ਵਾਇਸ ਪ੍ਰਧਾਨ ਸਤਪਿੰਦਰ ਸਿੰਘ ਕੋਹਾਲੀ , ਵਿਤ ਸਕੱਤਰ ਗੁਰਪ੍ਰਤਾਪ ਸਿੰਘ ਕੱਕੜ , ਬਲਾਕ ਅਜਨਾਲਾ ਦੇ ਮੀਡੀਆ ਇੰਚਾਰਜ ਸਤਵਿੰਦਰ ਸਿੰਘ ਘੁੰਮਣ, ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਖੈਰਾਬਾਦ , ਜਸਪਾਲ ਸਿੰਘ ,ਧਰਮਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ। ਮੀਟਿੰਗ ਦੇ ਅਖੀਰ ਵਿੱਚ ਜ਼ਿਲ੍ਹਾ ਕਮੇਟੀ ਵੱਲੋਂ ਪਹੁੰਚੇ ਹੋਏ ਤਮਾਮ ਆਗੂਆਂ ਦਾ ਧੰਨਵਾਦ ਵੀ ਕੀਤਾ।