*ਸਿਹਤ ਵਿਭਾਗ ਨੇ ਮਨਾਇਆ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ-ਡਾ. ਰਣਜੀਤ ਸਿੰਘ ਰਾਏ*

0
46

ਮਾਨਸਾ, 28 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹਰ ਸਾਲ ਵਿੱਚ ਦੋ ਵਾਰ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਮਨਾਇਆ ਜਾਂਦਾ ਹੈ। ਇਸੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਡੀ-ਵਾਰਮਿੰਗ ਦਿਵਸ ਮਨਾਇਆ ਗਿਆ।  ਇਸ ਦੌਰਾਨ ਸਰਕਾਰੀ ਐਮੀਂਨੈਂਸ ਸਕੂਲ ਮਾਨਸਾ ਵਿਖੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀਆਂ ਗੋਲੀਆਂ ਖਵਾਈਆਂ ਗਈਆਂ।
ਸਿਵਲ ਸਰਜਨ ਨੇ ਕਿਹਾ ਕਿ 28 ਨਵੰਬਰ ਨੂੰ ਜ਼ਿਲ੍ਹਾ ਮਾਨਸਾ ਵਿੱਚ 01 ਸਾਲ ਤੋਂ 19 ਸਾਲ ਤੱਕ ਦੇ ਤਕਰੀਬਨ 205837 ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਲਈ ਐਲਬੈਂਡਾਜੋਲ ਦੀ ਗੋਲੀ ਖਵਾਈ ਜਾਣ ਦਾ ਟੀਚਾ ਹੈ। ਜਿਹੜੇ ਬੱਚੇ ਕਿਸੇ ਕਾਰਨ ਗੋਲੀ ਖਾਣ ਤੋਂ ਵਾਂਝੇ ਰਹਿ ਗਏ ਉਨ੍ਹਾਂ ਨੂੰ 05 ਦਸੰਬਰ 2024 ਨੂੰ ਮੌਪ-ਅਪ ਡੇਅ ਵਾਲੇ ਦਿਨ ਇਹ ਗੋਲੀ ਖਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 1 ਤੋਂ 19 ਸਾਲ ਤੱਕ ਦੇ ਬੱਚੇ ਜੋ ਸਾਰੇ ਸਰਕਾਰੀ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ, ਕਾਲਜਾਂ, ਆਂਗਣਵਾੜੀ ਸੈਂਟਰਾਂ ਵਿੱਚ ਦਰਜ ਹਨ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਵੀ ਇਹ ਗੋਲੀ ਖਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਦੇ ਵਿੱਚ ਰਜਿਸਟਰ ਬੱਚੇ ਜੋ ਇਕ ਤੋਂ ਦੋ ਸਾਲ ਤੱਕ ਦੇ ਹਨ, ਉਨਾਂ ਨੂੰ ਅਲਬੈਂਡਾਜੋਲ ਦਾ ਸੀਰਪ ਪਿਲਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਗੋਲੀ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਖਵਾਈ ਜਾਂਦੀ ਹੈ। ਉਨ੍ਹਾਂ ਸਮੂਹ ਸਕੂਲਾਂ ਦੇ ਮੁਖੀਆਂ ਅਤੇ ਆਂਗਣਵਾੜੀ ਵਰਕਰਾਂ ਨੂੰ ਕਿਹਾ ਕਿ ਸਿਹਤ ਵਿਭਾਗ ਦਾ ਐਮਰਜੈਂਸੀ 108 ਨੰਬਰ ਸਕੂਲ ਵਿੱਚ ਦੌਰਾ ਕਰਨ ਵਾਲੇ ਮੈਡੀਕਲ ਅਫਸਰਾਂ ਜਾਂ ਨੇੜਲੀ ਡਿਸਪੈਂਸਰੀ ਦੇ ਮੈਡੀਕਲ ਅਫਸਰਾਂ ਦਾ ਨੰਬਰ ਜਰੂਰ ਬਲੈਕ ਬੋਰਡ ’ਤੇ ਲਿਖਿਆ ਜਾਵੇ। ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਿਹਤ ਵਿਭਾਗ ਵੱਲੋਂ ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਆਦਿ ਨਾਲ ਮੀਟਿੰਗਾਂ ਕਰਕੇ ਸਹਿਯੋਗ ਲਿਆ ਜਾ ਰਿਹਾ ਹੈ।
ਇਸ ਮੌਕੇ ਡਾ. ਕੰਵਲਦੀਪ ਬਰਾੜ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਟ ਦੇ ਕੀੜਿਆਂ ਕਾਰਨ ਬੱਚਿਆਂ ਵਿੱਚ ਕੁਪੋਸ਼ਨ ਅਤੇ ਖੁਨ ਦੀ ਕਮੀ  ਹੋ ਜਾਂਦੀ ਹੈ ਜਿਸ ਕਾਰਨ ਹਮੇਸ਼ਾ ਥਕਾਟਵ ਰਹਿੰਦੀ ਹੈ ਅਤੇ ਬੱਚੇ ਦਾ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ। ਉਨ੍ਹਾਂ ਸਿਹਤ ਵਿਭਾਗ ਦੀਆਂ ਸਮੂਹ ਟੀਮਾਂ, ਆਗਣਵਾੜੀ ਵਰਕਰਾਂ ਅਤੇ ਸਕੂਲ ਮੁਖੀਆਂ ਨੂੰ ਕਿਹਾ ਕਿ ਇਹ ਗੋਲੀ ਬੱਚਿਆਂ ਨੂੰ ਖਾਲੀ ਪੇਟ ਨਾ ਖਵਾਈ ਜਾਵੇ। ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗੋਲੀ ਖਵਾਉਣ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ।
  ਇਸ ਮੌਕੇ ਪ੍ਰਿੰਸੀਪਲ ਡਾ. ਵਿਜੈ ਮਿਢਾ, ਡਾ. ਬਬਲੂ ਜੇਠੀ ਸਮੇਤ ਟੀਮ ਆਰ ਬੀ ਐੱਸ ਕੇ, ਵਿਜੈ ਕੁਮਾਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਵੀਰਪਾਲ ਕੌਰ ਸਟਾਫ ਨਰਸ, ਮਨਪ੍ਰੀਤ ਸਿੰਘ ਫਾਰਮਾਸਿਸਟ ਤੋਂ ਇਲਾਵਾ ਸਕੂਲ ਦੇ ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

NO COMMENTS