ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਤਿੰਨ-ਦਿਨਾ ਪਲਸ-ਪੋਲੀਓ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ

0
14

ਚੰਡੀਗੜ/ਮੋਹਾਲੀ, 31 ਜਨਵਰੀ (ਸਾਰਾ ਯਹਾਂ /ਮੁੱਖ ਸੰਪਾਦਕ):ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਵੱਲੋਂ ਅੱਜ ਇਥੇ ਜ਼ਿਲਾ ਹਸਪਤਾਲ ਵਿਖੇ ਸੂਬਾ ਪੱਧਰੀ ਸਮਾਰੋਹ ਮੌਕੇ ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓ.ਪੀ.ਵੀ.) ਦੀਆਂ ਬੂੰਦਾਂ ਪਿਲਾ ਕੇ ਤਿੰਨ ਰੋਜ਼ਾ ਨੈਸ਼ਨਲ ਇਮਿਊਨੀਜੇਸ਼ਨ ਡੇਅ (ਐਨ.ਆਈ.ਡੀ.) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਉਨਾਂ ਦੱਸਿਆ ਕਿ ਸੂਬੇ ਭਰ ਦੇ 0-5 ਸਾਲ ਉਮਰ ਵਰਗ ਦੇ 31,54,172 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਹੈ। ਉਨਾਂ ਦੱਸਿਆ ਕਿ ਪਹਿਲੇ ਦਿਨ ਬੂਥ ’ਤੇ ਅਤੇ ਦੂਜੇ ਅਤੇ ਤੀਜੇ ਦਿਨ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਗੱਲ ਕਰਦਿਆਂ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਸੂਬੇ ਭਰ ਵਿੱਚ ਲਗਭਗ 54,907 ਵੈਕਸੀਨੇਟਰਾਂ ਨੂੰ ਇਸ ਕਾਰਜ ਵਿੱਚ ਲਗਾਇਆ ਗਿਆ ਹੈ ਜਦੋਂਕਿ ਕੁੱਲ 3219 ਸੁਪਰਵਾਇਜ਼ਰ ਇਮਿਊਨੀਜੇਸ਼ਨ ਪ੍ਰੋਗਰਾਮ ਦੀ ਅਚਨਚੇਤ ਨਿਗਰਾਨੀ ਕਰਨਗੇ ਅਤੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਏ ਜਾਣ ਨੂੰ ਯਕੀਨੀ ਬਣਾਉਣਗੇ। ਉਨਾਂ ਦੱਸਿਆ ਕਿ ਰਾਜ ਭਰ ਵਿੱਚ ਕੁੱਲ 14112 ਬੂਥ ਹਨ ਅਤੇ ਲਗਭਗ 837 ਮੋਬਾਈਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣ ਭਾਵੇਂ ਬੱਚੇ ਦਾ ਜਨਮ ਕੁਝ ਘੰਟੇ ਪਹਿਲਾਂ ਹੋਇਆ ਹੈ ਜਾਂ ਬੱਚਾ ਖੰਘ, ਜ਼ੁਕਾਮ, ਬੁਖਾਰ, ਦਸਤ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਹੈ ਕਿਉਂਕਿ ਪੋਲੀਓ ਬੂੰਦਾਂ ਦਾ ਅਜਿਹੀ ਕਿਸੇ ਬਿਮਾਰੀ ਨਾਲ ਪੀੜਤ ਬੱਚਿਆਂ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਹੈ। ਉਨਾਂ ਕਿਹਾ ਕਿ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ। ਹਾਲਾਂਕਿ, ਦੇਸ਼ ਨੂੰ ਪੋਲੀਓ ਮੁਕਤ ਬਣਾਏ ਰੱਖਣ ਲਈ ਵੈਕਸੀਨੇਸ਼ਨ ਜ਼ਰੂਰੀ ਹੈ।ਇਹ ਜ਼ਿਕਰ ਕਰਦਿਆਂ ਕਿ ਸਰਕਾਰ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਣ ਲਈ  ਹਰ ਉਪਲਰਾਲਾ ਕਰ ਰਹੀ ਹੈ, ਉਨਾਂ ਕਿਹਾ ਕਿ ਪ੍ਰੋਗਰਾਮ ਅਧੀਨ ਸੂਬੇ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਰਾਜ ਨੂੰ ਪੋਲੀਓ ਮੁਕਤ ਰੱਖਣ ਲਈ ਅਣਥੱਕ ਕਾਰਜ ਕਰਨ ਵਾਸਤੇ ਹਜ਼ਾਰਾਂ ਵਲੰਟੀਅਰਾਂ, ਫਰੰਟਲਾਈਨ ਕਰਮਚਾਰੀਆਂ ਅਤੇ ਸਿਹਤ ਅਧਿਕਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਗੁਰਿੰਦਰਬੀਰ ਸਿੰਘ, ਡਾਇਰੈਕਟਰ ਪਰਿਵਾਰ ਭਲਾਈ ਡਾ. ਅੰਦੇਸ਼, ਰਾਜ ਟੀਕਾਕਰਨ ਅਧਿਕਾਰੀ ਡਾ. ਬਲਵਿੰਦਰ ਕੌਰ, ਡਾ. ਵੀਨਾ ਜਰੇਵਾਲ, ਡਾ. ਰੇਨੂੰ ਸਿੰਘ, ਡਬਲਿਊ.ਐਚ.ਓ. ਤੋਂ ਡਾ. ਵਿਕਰਮ, ਡਾ. ਵਿਜੇ ਭਗਤ, ਗੁਰਮੀਤ ਸਿੰਘ,ਹਰਚਰਨ ਸਿੰਘ ਬਰਾੜ ਆਦਿ ਮੌਜੂਦ ਸਨ।    ———–

NO COMMENTS