-ਸਿਹਤ ਵਿਭਾਗ ਦੀ ਟੀਮ ਵੱਲੋਂ ਬੁਢਲਾਡਾ ਦੇ 19 ਵਾਰਡਾਂ ਦੇ ਸਾਰੇ 7949 ਘਰਾਂ ਦਾ ਕੀਤਾ ਜਾ ਚੁੱਕੈ ਡੋਰ-ਟੂ-ਡੋਰ ਸਰਵੇ

0
48

ਮਾਨਸਾ, 26 ਅਪ੍ਰੈਲ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਜਿੱਥੇ ਪੂਰੇ ਵਿਸ਼ਵ ਵਿੱਚ ਆਪਣੇ ਪੈਰ ਪਸਾਰ ਲਏ ਹਨ ਉਥੇ ਹੀ ਪੰਜਾਬ ਸੂਬੇ ਦੇ ਕਈ ਜ਼ਿਲਿ੍ਹਆਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੀ ਸਥਿਤੀ ਅਤੇ ਇਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਨਿਭਾਏ ਜਾ ਰਹੇ ਅਹਿਮ ਰੋਲ ਬਾਰੇ ਜਾਣਕਾਰੀ  ਦਿੰਦਿਆਂ ਦੱਸਿਆ ਕਿ ਬੁਢਲਾਡਾ ਸ਼ਹਿਰ ਦੇ ਸਾਰੇ 19 ਵਾਰਡਾਂ ਦੇ 7949  ਘਰਾਂ ਦਾ ਸਿਹਤ ਵਿਭਾਗ ਦੁਆਰਾ ਸਰਵੇ ਕੀਤਾ ਜਾ ਚੁੱਕਾ ਹੈ, ਜਿਸ ਦੌਰਾਨ ਸਿਹਤ ਵਿਭਾਗ ਦੇ ਵਰਕਰਾਂ ਦੁਆਰਾ ਜਾਣਕਾਰੀ ਲਈ ਗਈ ਕਿ ਇਹਨਾਂ ਘਰਾਂ ਵਿੱਚ ਕੋਈ ਵੀ ਵਿਅਕਤੀ ਬਾਹਰੋਂ ਆਇਆ ਹੈ ਜਾਂ ਇਨ੍ਹਾਂ ਪੀੜ੍ਹਤ ਵਿਅਕਤੀਆਂ ਦੇ ਸੰਪਰਕ ਵਿੱਚ ਤਾਂ ਨਹੀਂ ਆਇਆ।
 ਸਿਵਲ ਸਰਜਨ ਨੇ ਦੱਸਿਆ ਕਿ ਬੁਢਲਾਡਾ ਵਿਖੇ ਮਿਲੇ 11 ਪਾਜ਼ਿਟੀਵ ਮਰੀਜ਼ ਜੋ ਕਿ ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਆਏ ਸਨ ਬੁਢਲਾਡਾ ਦੇ ਵਾਰਡ ਨੰ: 2 ਅਤੇ 4 ਨਾਲ ਸਬੰਧਤ ਸਨ, ਇਨ੍ਹਾਂ ਦੋਨਾਂ ਵਾਰਡਾਂ ਨੂੰ ਸਿਹਤ ਵਿਭਾਗ ਅਤੇ ਪੁਲਿਸ ਪ੍ਰਸਾਸ਼ਨ ਦੁਆਰਾ ਕੰਨਟੇਂਨਮੈਂਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 2 ਦੇ 412 ਅਤੇ ਵਾਰਡ ਨੰਬਰ 4 ਦੇ 438 ਘਰਾਂ ਦਾ ਰੋਜ਼ਾਨਾ ਸਰਵੇ ਕੀਤਾ ਜਾਂਦਾ ਹੈ। ਉੱਥੇ ਰਹਿਣ ਵਾਲੇ ਲੋਕਾਂ ਦੀ ਸਿਹਤ ਪ੍ਰਤੀ ਜਾਂਚ ਪੜਤਾਲ ਕਰਦਿਆਂ ਖਾਂਸੀ ਅਤੇ ਬੁਖ਼ਾਰ ਬਾਰੇ ਪੁੱਛਿਆ ਜਾਂਦਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਹ ਕਿਸੇ ਪੀੜਤ ਵਿਅਕਤੀ ਦੇ ਸੰਪਰਕ ਵਿਚ ਨਾ ਆਏ ਹੋਣ।
ਕੋਰੋਨਾ ਵਾਇਰਸ ਸਬੰਧੀ ਡੋਰ ਟੂ ਡੋਰ ਮੁਹਿੰਮ ਦੌਰਾਨ ਲੋਕਾਂ ਨੂੰ ਪੈਂਫਲਿਟ ਅਤੇ ਪੋਸਟਰ ਲਗਾ ਕੇ ਜਾਗਰੂਕ ਕੀਤਾ ਗਿਆ ਅਤੇ ਬੁਢਲਾਡਾ ਵਿਖੇ ਜਿੰਨ੍ਹਾਂ ਵਾਰਡਾਂ ਵਿੱਚੋਂ ਸੈਂਪਲ ਲਏ ਗਏ ਉਹਨਾਂ ਵਾਰਡਾਂ ਵਿੱਚ ਘਰ-ਘਰ ਮਾਸਕ ਅਤੇ ਸਾਬਣਾਂ ਵੰਡੀਆਂ ਗਈਆਂ ਅਤੇ ਬੁਢਲਾਡਾ ਨੂੰ ਸੈਨੀਟਾਈਜ ਕਰਵਾਇਆ ਗਿਆ।   ਸਿਵਲ ਸਰਜਨ ਨੇ ਦੱਸਿਆ ਕਿ  ਸਿਹਤ ਵਿਭਾਗ ਦੁਆਰਾ ਇਨ੍ਹਾਂ ਮਰੀਜ਼ਾ ਨੂੰ ਪੂਰੀ ਦੇਖ ਰੇਖ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਰੱਖਿਆ ਗਿਆ ਸੀ ਜਿੱਥੇ ਕੋਵਿਡ-19 ਡਾਕਟਰਾਂ ਦੀ ਟੀਮ ਦੁਆਰਾ ਉਨ੍ਹਾਂ ਦਾ ਇਲਾਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਕੋਰੋਨਾ ਪਾਜ਼ਿਟੀਵ ਮਰੀਜ਼ਾਂ ਦੀ ਗਿਣਤੀ 10 ਹੈ ਜਿੰਨ੍ਹਾਂ ਦਾ ਇਲਾਜ਼ ਸਿਵਲ ਹਸਪਤਾਲ ਮਾਨਸਾ ਵਿਖੇ ਪੂਰੇ ਸੁਰੱਖਿਅਤ ਮਾਹੌਲ ਅੰਦਰ ਚੱਲ ਰਿਹਾ ਹੈ        ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਬੁਢਲਾਡਾ ਨੇ ਦੱਸਿਆ ਕਿ ਜਿੰਨ੍ਹਾਂ 11 ਵਿਅਕਤੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਸ਼ਨ ਵਾਰਡ ਵਿੱਚ ਇਕਾਂਤਵਾਸ ਕੀਤਾ ਗਿਆ ਸੀ, ਉਹਨਾਂ ਵਿੱਚੋਂ 3 ਮਰੀਜਾਂ ਦੀ ਰਿਪੋਰਟ ਨੈਗੇਟਿਵ ਆਉਣ ਤੇ ਉਹਨਾਂ ਨੂੰ ਸਿਵਲ ਹਸਪਤਾਲ ਮਾਨਸਾ ਤੋਂ ਛੁੱਟੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ਿਟੀਵ ਆਈ ਸੀ ਅਤੇ ਇਸ ਸਮੇਂ ਕੁੱਲ 10 ਕੇਸ ਕੋਰੋਨਾ ਪਾਜ਼ਿਟੀਵ ਦੇ ਜ਼ਿਲ੍ਹੇ ਅੰਦਰ ਬਾਕੀ ਹਨ ਜੋ ਕਿ ਇਕਾਂਤਵਾਸ ਅਧੀਨ ਹਨ।  ਡਿਪਟੀ ਮੈਡੀਕਲ ਕਮਿਸ਼ਨਰ (ਕਾਰਜਕਾਰੀ ਚਾਰਜ) ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਮਾਨਸਾ ਜ਼ਿਲ੍ਹੇ ਵਿਚੋਂ ਸ਼ੱਕੀ ਲੋਕਾਂ ਦੇ ਕੁੱਲ 409 ਸੈਂਪਲ ਲਏ ਜਾ ਚੁੱਕੇ ਹਨ। ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਪੂਰੀ ਮੁਸਤੈਦੀ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅਤੇ ਪੂਰਨ ਸੁਰੱਖਿਆ ਤਹਿਤ ਕੋਰੋਨਾ ਜੰਗ ਖਿਲਾਫ਼ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ।

NO COMMENTS