ਸਿਹਤ ਵਿਭਾਗ ਦੀ ਟੀਮ ਨੇ ਮਾਖੇਵਾਲਾ ਵਿਖੇ ਮੱਛਰਦਾਨੀਆਂ ਵੰਡੀਆਂ

0
18

ਝੁਨੀਰ, 11 ਸਤੰਬਰ(ਸਾਰਾ ਯਹਾ,ਔਲਖ) ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਡਾਕਟਰ ਲਾਲ ਚੰਦ ਠੁਕਰਾਲ ਦੀ ਰਹਿਨੁਮਾਈ ਹੇਠ ਸਬ ਸੈਂਟਰ ਚੈਨੇਵਾਲਾ ਅਧੀਨ ਆਉਂਦੇ ਪਿੰਡ ਮਾਖੇਵਾਲਾ ਵਿਖੇ ਸਬ ਸੈਂਟਰ ਦੀ ਸਿਹਤ ਟੀਮ ਵੱਲੋਂ ਮੱਛਰਦਾਨੀਆਂ ਵੰਡੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੀਰ ਸਿੰਘ ਮਲਟੀਪਰਪਜ ਹੈਲਥ ਵਰਕਰ ਨੇ ਦੱਸਿਆ ਕਿ ਪਿਛਲੇ ਸਾਲ ਮਲੇਰੀਆ ਦੇ ਤਿੰਨ ਕੇਸ ਪੋਜੇਟਿਵ ਆਉਣ ਕਰਕੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਜਾਗਰੂਕ ਕੀਤਾ ਸੀ।ਇਸ ਸਾਲ ਵੀ ਮੱਛਰਾਂ ਦਾ ਸੀਜਨ ਆਉਂਦੇ ਹੀ ਦਵਾਈ ਦਾ ਛਿੜਕਾਅ ਕੀਤਾ ਗਿਆ। ਲਗਾਤਾਰ ਘਰਾਂ ਵਿੱਚ ਲਾਰਵਾ ਚੈੱਕ ਕੀਤਾ ਗਿਆ। ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਸੀ ਕਿ ਉਹ ਹਫਤੇ ਵਿੱਚ ਇੱਕ ਵਾਰ ਆਪਣੇ ਕੂਲਰਾਂ,  ਫਰਿੱਜਾਂ ਦੀ ਬੈਕ ਸਾਈਡ ਟਰੇਆਂ,ਪਾਣੀ ਵਾਲੀਆਂ ਹੋਦੀਆਂ ਦੀ ਸਾਫ ਸਫਾਈ ਜ਼ਰੂਰ ਕਰਨ। ਲੋਕਾਂ ਨੂੰ ਦੱਸਿਆ ਕਿ ਸਾਫ ਪਾਣੀ ਵਿੱਚ ਹੀ ਮਲੇਰੀਆ ਦਾ ਲਾਰਵਾ ਪਨਪਦਾ ਹੈ। ਬਰਸਾਤਾਂ ਦੇ ਮੌਸਮ ਵਿੱਚ ਖ਼ਾਸ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ। ਕਬਾੜ ਜਾਂ ਛੱਤਾਂ ਤੇ ਪੲੇ ਖਾਲੀ ਘੜਿਆਂ, ਟਾਇਰਾਂ,ਪੀਪੇ ਪੀਪੀਆਂ ਵਿੱਚੋਂ ਪਾਣੀ ਡੋਲ ਦੇਣਾ ਚਾਹੀਦਾ ਹੈ। ਉਹਨਾਂ ਚੀਜ਼ਾਂ ਨੂੰ ਮੂਧਾ ਕਰਕੇ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਵਿੱਚ ਪਾਣੀ ਨਾਂ ਜਮਾਂ ਹੋ ਸਕੇ। ਇਸ ਮੌਕੇ ਪਿੰਡ ਦੇ ਸਰਪੰਚ  ਬਲਵੀਰ  ਸਿੰਘ ਨੇ ਅਪਣੇ ਹੱਥੀਂ ਮੱਛਰਦਾਨੀਆਂ ਵੰਡਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਟੂਟੀਆਂ ਦਾ ਪਾਣੀ ਅਜਾਈਂ ਗਲੀਆਂ ਵਿੱਚ ਨਹੀਂ ਛੱਡਣਾ ਚਾਹੀਦਾ। ਗਲੀਆਂ ਵਿੱਚ ਜਮ੍ਹਾਂ ਹੋਏ ਸਾਫ ਪਾਣੀ ਵਿੱਚ ਮੱਛਰ ਪੈਦਾ ਹੁੰਦਾ ਰਹਿੰਦਾ ਹੈ। ਇਸ ਮੌਕੇ ਤੇ ਪੰਚ ਗੁਰਪਾਲ ਸਿੰਘ,ਪਰਮਜੀਤ ਕੌਰ, ਵੀਰਪਾਲ ਕੌਰ ਆਸ਼ਾ ਵਰਕਰ ਵੀ ਹਾਜ਼ਰ ਸਨ।

NO COMMENTS