ਚੰਡੀਗੜ/ਮੋਗਾ, 15 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) :ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਦੱਸਿਆ ਕਿ 50 ਬਿਸਤਰਿਆਂ ਦੀ ਸਮਰੱਥਾ ਵਾਲਾ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ 5.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ ਹਰ ਤਰਾਂ ਦੀ ਸੁਵਿਧਾ ਨਾਲ ਲੈਸ ਹੈ। ਪੂਰੇ ਸੂਬੇ ਵਿਚ ਅਜਿਹੇ 29 ਹਸਪਤਾਲ ਮੁਕੰਮਲ ਕੀਤੇ ਜਾ ਚੁੱਕੇ ਹਨ ਜਦਕਿ 8 ਹਸਪਤਾਲਾਂ ਦਾ ਉਸਾਰੀ ਕਾਰਜ ਚਾਲੂ ਹੈ। 7 ਹੋਰ ਹਸਪਤਾਲ ਵੀ ਇਸ ਸਾਲ ਵਿੱਚ ਚਾਲੂ ਕਰ ਦਿੱਤੇ ਜਾਣਗੇ। ਸ. ਸਿੱਧੂ ਨੇ ਕਿਹਾ ਕਿ ਲੋਕਾਂ ਖਾਸ ਕਰਕੇ ਰਾਜ ਦੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਐਮਸੀਐਚਜ਼ ਤੋਂ ਇਲਾਵਾ, ਹੈਲਥ ਵੈਲਨੈਸ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਐਚਡਬਲਯੂਸੀਜ਼ ਦੇ ਸਫਲਤਾਪੂਰਵਕ ਕੰਮਕਾਜ ਨੂੰ ਵੇਖਦਿਆਂ ਇਨਾਂ ਕੇਂਦਰਾਂ ਦੀ ਗਿਣਤੀ ਵਧਾ ਕੇ 3,000 ਕਰ ਦਿੱਤੀ ਜਾਵੇਗੀ ਜੋ 31 ਮਾਰਚ, 2022 ਤੋਂ ਪਹਿਲਾਂ ਕਾਰਜਸ਼ੀਲ ਹੋ ਜਾਣਗੇ।ਸਿਹਤ ਵਿਭਾਗ ਵਿੱਚ ਕੀਤੀ ਗਈ ਭਰਤੀ ਬਾਰੇ ਵੇਰਵੇ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ 13000 ਤੋਂ ਵੱਧ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਹੈ। ਹਾਲਾਂਕਿ, ਮਾਹਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਭਰਤੀ ਅਜੇ ਵੀ ਜਾਰੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਛੇਤੀ ਹੀ 600 ਹੋਰ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ।ਸਿਹਤ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਦਿੱਲੀ ਸਰਕਾਰ ਦਾ ਸਿਹਤ ਮਾਡਲ ਅਸਫਲ ਸਾਬਤ ਹੋਇਆ ਹੈ। ਦੂਜੇ ਰਾਜਾਂ ਦੇ 5500 ਕੋਰੋਨਾ ਮਰੀਜ਼ਾਂ ਦਾ ਪੰਜਾਬ ਵਿੱਚ ਇਲਾਜ ਕੀਤਾ ਗਿਆ, ਜਿਨਾਂ ਵਿੱਚੋਂ 80 ਫੀਸਦੀ ਦਿੱਲੀ ਦੇ ਸਨ ਜਿਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇਲਾਜ ਸੇਵਾਵਾਂ ਨਹੀਂ ਮਿਲੀਆਂ। ਉਨਾਂ ਦਾਅਵਾ ਕੀਤਾ ਕਿ ਦਿੱਲੀ ਸਮੇਤ ਕੋਈ ਵੀ ਰਾਜ ਜਨਤਕ ਸਹੂਲਤਾਂ ਦੇ ਮਾਮਲੇ ਵਿੱਚ ਪੰਜਾਬ ਦੀ ਰੀਸ ਨਹੀਂ ਕਰ ਸਕਦਾ।ਉਹਨਾਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲਾਂ, ਡਾਕਟਰਾਂ ਅਤੇ ਹੋਰ ਸਟਾਫ ਵੱਲੋਂ ਨਿਭਾਈ ਡਿਊਟੀ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਮੋਗਾ ਵਿਖੇ ਉਸਾਰੀ ਅਧੀਨ ਆਯੂਸ਼ ਹਸਪਤਾਲ ਅਗਲੇ ਦੋ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ।ਇਸ ਮੌਕੇ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ, ਬਾਘਾਪੁਰਾਣਾ ਦੇ ਵਿਧਾਇਕ ਸ. ਦਰਸ਼ਨ ਸਿੰਘ ਬਰਾੜ, ਧਰਮਕੋਟ ਦੇ ਵਿਧਾਇਕ ਸ. ਸੁਖਜੀਤ ਸਿੰਘ ਕਾਕਾ ਲੋਹਗੜ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਜਲਿਾ ਪੁਲਿਸ ਮੁਖੀ ਸ੍ਰੀ ਧਰੂਮਨ ਐੱਚ ਨਿੰਬਾਲੇ, ਨਗਰ ਨਿਗਮ ਦੀ ਮੇਅਰ ਸ੍ਰੀਮਤੀ ਨੀਤਿਕਾ ਭੱਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਜਲਿਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਬੀੜ ਚੜਿੱਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਓਮ ਪ੍ਰਕਾਸ਼ ਗੋਜਰਾ, ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਬਾਜਵਾ ਅਤੇ ਹੋਰ ਹਾਜ਼ਰ ਸਨ।