ਸਿਹਤ ਮੁਲਾਜ਼ਮਾਂ ਵੱਲੋਂ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ

0
15

ਮਾਨਸਾ, 6 ਦਸੰਬਰ (ਸਾਰਾ ਯਹਾ /ਔਲਖ) ਖੇਤੀਬਾੜੀ ਸੁਧਾਰ ਬਿਲਾਂ ਦੇ ਨਾਂ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਪੰਜਾਬ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਨੇ  ਦਿੱਲੀ ਮੋਰਚਾ ਲਾਇਆ ਹੋਇਆ ਹੈ , ਉੱਥੇ ਹੀ ਉਨ੍ਹਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ । ਅੱਜ ਮਾਨਸਾ ਵਿਖੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸਿਹਤ ਮੁਲਾਜ਼ਮਾਂ ਦੀਆਂ  ਜਥੇਬੰਦੀਆਂ ਨੇ  ਕਿਸਾਨਾਂ ਦੇ ਇਸ ਸੰਘਰਸ਼ ਦੀ ਤਨੋ ਮਨੋ ਧਨੋ ਹਮਾਇਤ ਦਾ ਐਲਾਨ ਕੀਤਾ ਹੈ। ਸੰਘਰਸ਼ ਕਮੇਟੀ ਆਗੂ ਜਗਦੀਸ਼ ਸਿੰਘ ਪੱਖੋ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ  ਸਿਹਤ ਮੁਲਾਜ਼ਮ ਆਪਣੀਆਂ ਛੁੱਟੀਆਂ ਲੈ ਕੇ ਕਿਸਾਨਾਂ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾਣਗੇ ਜਿਥੇ ਉਹ ਮੈਡੀਕਲ ਕੈਂਪ ਲਗਾ ਕੇ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਉਣਗੇ।  ਸੰਘਰਸ਼ ਕਮੇਟੀ ਆਗੂ ਕੇਵਲ ਸਿੰਘ ਨੇ ਕਿਸਾਨਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਕੋਈ ਵੀ ਕੰਮ ਕਰ ਰਿਹਾ ਹੈ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸਾਨੀ ਤੇ ਨਿਰਭਰ ਜ਼ਰੂਰ ਹੈ। ਅਸੀਂ ਸਭ ਕਿਸਾਨ ਦਾ ਉਗਾਇਆ ਅੰਨ ਖਾ ਕੇ ਆਪਣਾ ਪੇਟ ਭਰਦੇ ਹਾਂ। ਅੱਜ ਕਿਸਾਨ ਸੜਕਾਂ ਤੇ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਏ। ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਦੀਪ ਸਿੰਘ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਜਦੋਂ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਹੀ ਪਸੰਦ ਨਹੀਂ ਤਾਂ ਕੇਂਦਰ ਸਰਕਾਰ ਨੂੰ ੳੁਨ੍ਹਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਸਰਕਾਰ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਉਹ ਵਾਰ ਵਾਰ ਹੋ ਰਹੀਆਂ ਮੀਟਿੰਗਾਂ ਵਿੱਚ ਕਾਨੂੰਨਾ ਨੂੰ ਰੱਦ ਕਰਨ ਤੋਂ ਕੰਨੀ ਕਤਰਾ ਰਹੀ ਹੈ।  ਐਮ ਐਲ ਟੀ ਐਸੋਸੀਏਸ਼ਨ ਦੇ ਪ੍ਰਧਾਨ ਬਰਜਿੰਦਰ ਸਿੰਘ ਨੇ ਕਿਹਾ ਕਿ ਇਹ ਲੜਾਈ ਹੁਣ ਸਿਰਫ ਕਿਸਾਨਾਂ ਦੀ ਹੀ ਨਹੀਂ ਬਲਕਿ ਹਰ ਵਰਗ ਦੀ ਲੜਾਈ ਬਣ ਚੁੱਕੀ ਹੈ ਜਿਸ ਕਾਰਨ ਹੁਣ ਹਰ ਵਰਗ ਦੇ ਲੋਕ ਦਿੱਲੀ ਜਾਣ ਲਈ ਤਿਆਰ ਹੋ ਰਹੇ ਹਨ । ਇਸ ਮੌਕੇ ਪੰਜਾਬ ਸਟੇਟ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸੁਭਾਸ਼ ਚੰਦਰ, ਜਨਰਲ ਸਕੱਤਰ ਚੰਦਰ ਕਾਂਤ, ਕੈਸ਼ੀਅਰ ਸਿਸ਼ਨ ਗੋਇਲ, ਅਵਤਾਰ ਸਿੰਘ ਜਨਰਲ ਸਕੱਤਰ ਐਮ ਐਲ ਟੀ ਐਸੋਸੀਏਸ਼ਨ, ਕੈਸ਼ੀਅਰ ਅਮਰ ਨਾਥ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ , ਅਮਰਜੀਤ ਸਿੰਘ ਬਲਾਕ ਪ੍ਰਧਾਨ, ਨਿਰਮਲ ਸਿੰਘ ਕਣਕਵਾਲੀਆ ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਹਾਜ਼ਰ ਸਨ।

NO COMMENTS