ਕਰੋਨਾ ਮਹਾਮਾਰੀ ਨੂੰ ਕਾਬੁ ਪਾਉਣ ਲਈ ਸਹੂਲਤਾ ਤੋਂ ਵਾਝੇ ਕਰਮੀਆਂ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ, ਦਿੱਤਾ ਧਰਨਾ

0
21

ਬੁਢਲਾਡਾ, 22,ਮਾਰਚ (ਸਾਰਾ ਯਹਾਂ / ਅਮਨ ਮਹਿਤਾ): ਕਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਿਹਤ ਵਿਭਾਗ ਵਲੋਂ ਇਸ ਵੈਕਸੀਨ ਦੀ ਸ਼ੁਰੂਆਤ  ਸ਼ਹਿਰੀ ਹਸਪਤਾਲਾਂ ਦੇ ਨਾਲ ਹੁਣ ਪਿੰਡਾਂ ਵਿੱਚ ਮੁਢਲੇ ਸਿਹਤ ਕੇਂਦਰਾਂ ਤੇ ਵੀ ਕੀਤੀ ਗਈ ਹੈ। ਪਰ ਬੁਢਲਾਡਾ ਐਸ ਡੀ ਐਚ ਅੰਡਰ ਪੈਂਦੇ ਕੁਝ ਮੁਢਲੇ ਸਿਹਤ ਕੇਂਦਰਾਂ ਵਿੱਚ ਆਈ ਐਲ ਆਰ ਦੀ ਸੁਵਿਧਾ ਨਾ ਹੋਣ ਕਾਰਨ ਵੈਕਸੀਨ ਦੇ ਰੱਖ ਰਖਾਵ ਦਾ ਪ੍ਰਬੰਧ ਨਹੀਂ ਹੈ। ਇਸ ਲਈ ਰੋਜ਼ਾਨਾ ਵੈਕਸੀਨ ਮੰਗਵਾਉਣੀ ਅਤੇ ਵਾਪਸ ਕਰਨੀ ਪੈਂਦੀ ਹੈ ਅਤੇ ਇਥੇ ਵੈਕਸੀਨ ਲਿਜਾਣ ਅਤੇ ਛੱਡਣ ਦਾ ਉਚਿਤ ਪ੍ਰਬੰਧ ਵੀ ਨਹੀਂ ਹੈ। ਵੈਕਸੀਨ ਲਗਾਉਣ ਤੋਂ ਪਹਿਲਾਂ ਵਿਅਕਤੀ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਸਿਖਿਅਤ ਕੰਪਿਊਟਰ ਅਪਰੇਟਰ, ਕੰਪਿਊਟਰ, ਪ੍ਰਿੰਟਰ ਆਦਿ ਵੀ ਇਨ੍ਹਾਂ ਥਾਵਾਂ ਤੇ ਮੌਜੂਦ ਨਹੀਂ ਹਨ । ਇਸ ਤੋਂ ਇਲਾਵਾ ਇਨ੍ਹਾਂ ਵੈਕਸੀਨ ਲਗਾਉਣ ਵਾਲੀਆਂ ਥਾਵਾਂ ਤੇ ਮੈਡੀਕਲ ਅਫਸਰ ਵੀ ਤੈਨਾਤ ਨਹੀਂ ਹਨ। ਵੈਕਸੀਨ ਨਵੀਂ ਹੋਣ ਕਾਰਨ ਅਤੇ ਲੋਕਾਂ ਵਿੱਚ ਫੈਲੀਆਂ ਅਫਵਾਹਾਂ ਕਾਰਨ ਇਨ੍ਹਾਂ ਥਾਵਾਂ ਤੇ ਵੈਕਸੀਨੇਸਨ ਦੇ ਕੰਮ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਵਿੱਚ ਮੌਜੂਦ ਸਿਹਤ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਅਗਰ ਵੈਕਸੀਨ ਲਗਾਉਣ ਪਿਛੋਂ ਕੋਈ ਪਰੇਸ਼ਾਨੀ ਆ ਜਾਵੇ ਤਾਂ ਉਸ ਨੂੰ ਮੌਕੇ ਤੇ ਸੰਭਾਲਣਾ ਮੁਸ਼ਕਿਲ ਹੋ ਸਕਦਾ ਹੈ। ਜਦੋਂ ਇਸ ਸਬੰਧੀ ਐਸ ਐਮ ਓ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਗੱਲ ਅਣਸੁਣੀ ਕਰ ਦਿੱਤੀ। ਅੱਜ ਇਸ ਸਬੰਧੀ ਮਲਟੀ ਪਰਪਜ਼ ਹੈਲਥ ਇੰਪਲਾਈਜ ਯੁਨੀਅਨ ਦੇ ਨੁਮਾਇੰਦੇ ਲਿਖਤੀ ਬੇਨਤੀ ਕਰਨ ਲਈ ਐਸ ਐਮ ਓ ਦਫਤਰ ਬੁਢਲਾਡਾ ਪਹੁੰਚੇ ਪਰ ਐਸ ਐਮ ਓ ਸਾਹਿਬ ਨੇ ਉਨ੍ਹਾਂ ਦੀਆਂ ਮੁਸਕਲਾਂ ਸੁਣਨ ਤੋਂ ਸਾਫ ਇਨਕਾਰ ਕਰ ਦਿੱਤਾ। ਜਿਸ ਪਿੱਛੋਂ ਮੁਲਾਜ਼ਮਾਂ ਨੇ ਦਫ਼ਤਰ ਅੱਗੇ ਹੀ ਧਰਨਾ ਲਗਾ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਵੈਕਸੀਨ ਦੇ ਕੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਐਸ ਐਮ ਓ ਸਾਹਿਬ ਨੂੰ ਇਨ੍ਹਾਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ। ਚਰਨਜੀਤ ਕੌਰ ਨੇ ਦੱਸਿਆ ਕਿ ਸਿਹਤ ਮੁਲਾਜ਼ਮ ਕੰਮ ਕਰਨ ਤੋਂ ਇਨਕਾਰੀ ਨਹੀਂ ਹਨ ਪਰ ਪਹਿਲਾਂ ਪੂਰਾ ਪ੍ਰਬੰਧ ਵੀ ਹੋਣਾ ਲਾਜ਼ਮੀ ਹੈ। ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਐਸ ਐਮ ਓ ਦਾ ਰਵੱਈਆ ਸਿਹਤ ਮੁਲਾਜ਼ਮਾਂ ਪ੍ਰਤੀ ਠੀਕ ਨਹੀਂ ਹੈ ਅਤੇ ਜੇਕਰ ਛੇਤੀ ਉਚਿਤ ਪ੍ਰਬੰਧ ਨਾ ਕੀਤੇ ਗਏ ਤਾਂ ਬਾਕੀ ਸਾਰੇ ਸਿਹਤ ਮੁਲਾਜ਼ਮ ਸਮੇਤ ਜਥੇਬੰਦੀ ਦੀ ਜ਼ਿਲ੍ਹਾ ਬਾਡੀ ਵੀ ਧਰਨੇ ਵਿੱਚ ਸ਼ਾਮਲ ਹੋਣਗੇ ਅਤੇ ਧਰਨਾ ਜਾਰੀ ਰਹੇਗਾ। ਇਸ ਮੌਕੇ ਐਸ ਆਈ ਸੰਜੀਵ ਕੁਮਾਰ, ਐਲ ਐਚ ਵੀ ਪਰਮਜੀਤ ਕੌਰ , ਊਸ਼ਾ ਰਾਣੀ, ਨਵਦੀਪ ਕਾਠ, ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਨਿਰਮਲ ਸਿੰਘ, ਮੰਗਲ ਸਿੰਘ, ਕ੍ਰਿਸ਼ਨ ਕੁਮਾਰ, ਪ੍ਰਦੀਪ ਕੌਰ, ਅਮਰਜੀਤ ਕੌਰ, ਰਾਜਵੀਰ ਕੌਰ, ਗੁਰਦੀਪ ਕੌਰ ਆਦਿ ਸਿਹਤ ਮੁਲਾਜ਼ਮ ਹਾਜ਼ਰ ਸਨ।

NO COMMENTS