*ਸਿਹਤ ਬਲਾਕ ਖਿਆਲਾ ਦੇ ਉੱਦਮ ਸਦਕਾ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੀ*

0
128

ਮਾਨਸਾ 31 ਜੁਲਾਈ  (ਸਾਰਾ ਯਹਾਂ/ਬੀਰਬਲ ਧਾਲੀਵਾਲ)

ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ ਅਧੀਨ ਸਿਹਤ ਬਲਾਕ ਖਿਆਲਾ ਕਲਾਂ ਵੱਲੋ ਜਮਾਂਦਰੂ ਦਿਲ ਦੀ ਬੀਮਾਰੀ ਦਾ ਸਿਰਫ ਪੰਦਰਾਂ ਦਿਨ ਵਿੱਚ ਸਫਲ ਅਪਰੇਸ਼ਨ ਕਰਵਾ ਕੇ ਨਵੀਂ ਜ਼ਿੰਦਗੀ ਜਿਊਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾਕਟਰ ਹਰਦੀਪ ਸ਼ਰਮਾ ਸੀਨੀਅਰ ਮੈਡੀਕਲ ਅਫਸਰ ਖਿਆਲਾ ਕਲਾਂ ਨੇ ਦੱਸਿਆ ਕਿ ਸਿਹਤ ਬਲਾਕ ਖਿਆਲਾ ਦੀ ਰਾਸ਼ਟਰੀ ਬਾਲ ਸੁਰੱਖਿਆ ਟੀਮ ਵੱਲੋਂ ਮਿਤੀ 15 ਅਪ੍ਰੈਲ ਨੂੰ ਸਰਕਾਰੀ ਸੈਕੰਡਰੀ ਸਕੂਲ ਖਾਰਾ ਵਿਖੇ ਬੱਚਿਆਂ ਦੀ ਸਲਾਨਾ ਜਾਂਚ ਕੀਤੀ ਗਈ। ਇਸ ਮੌਕੇ ਪ੍ਰਭਨੂਰ ਕੌਰ ਪੁੱਤਰੀ ਸੂਰਜ ਸਿੰਘ ਵਾਸੀ ਚੈਨੇਵਾਲਾ ਨੂੰ ਜਨਮ ਤੋਂ ਹੀ ਖੰਘ, ਕਮਜ਼ੋਰੀ ਅਤੇ ਸ਼ਰੀਰਕ ਵਿਕਾਸ ਦੀ ਘਾਟ ਆਦਿ ਲੱਛਣ ਪਾਏ ਗਏ। ਇਸ ਬੱਚੀ ਨੂੰ ਉਚ ਪੱਧਰੀ ਜਾਂਚ ਲਈ ਜ਼ਿਲ੍ਹਾ ਹਸਪਤਾਲ ਮਾਨਸਾ ਵਿਖੇ ਰੈਫਰ ਕੀਤਾ ਗਿਆ। ਜਾਂਚ ਉਪਰੰਤ ਦਿਲ ਦੀ ਜਮਾਂਦਰੂ ਬੀਮਾਰੀ ਦੀ ਪਹਿਚਾਣ ਕੀਤੀ ਗਈ। ਪੰਦਰਾਂ ਦਿਨ ਵਿੱਚ ਮੁਕੰਮਲ ਜਾਂਚ ਅਤੇ ਮਨਜ਼ੂਰੀ ਉਪਰੰਤ ਫੋਰਟਿਸ ਹਸਪਤਾਲ ਮੁਹਾਲੀ ਵਿੱਚ 27 ਅਪ੍ਰੈਲ ਨੂੰ ਆਰ.ਬੀ.ਐਸ.ਕੇ. ਅਧੀਨ ਬਿਲਕੁਲ ਮੁਫ਼ਤ ਸਰਜਰੀ ਕਰਵਾਈ ਗਈ ।   ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮੇ ਬੱਚੇ, ਆਂਗਣਵਾੜੀ ਵਿੱਚ ਰਜਿਸਟਰਡ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ (18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਮੁਆਇਨਾ ਕੀਤਾ ਜਾਂਦਾ ਹੈ ਅਤੇ ਰੈਫ਼ਰ ਕੀਤੇ ਗਏ ਬੱਚਿਆਂ ਦੀ 30 ਜਮਾਂਦਰੂ ਬਿਮਾਰੀਆਂ ਦਾ ਇਲਾਜ ਪੰਜਾਬ ਰਾਜ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਕਮਿਉਨਟੀ ਹੈਲਥ ਸੈਂਟਰਾਂ , ਸਬ ਡਵੀਜ਼ਨਲ ਅਤੇ ਜਿਲਾ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਫਰੀਦਕੋਟ, ਪਟਿਆਲ਼ਾ ਅਤੇ ਪੀ.ਜੀ.ਆਈ. ਚੰਡੀਗੜ੍ਹ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਬੱਚਿਆਂ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ , ਡੀ.ਐਮ.ਸੀ./ਸੀ.ਐਮ.ਸੀ. ਲੁਧਿਆਣਾ, ਫੋਰਟਿਸ ਅਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ । 
 ਡਾ ਅਮਰਿੰਦਰ ਸ਼ਾਰਦਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਸਮੇਂ ਸਮੇਂ ਤੇ ਇਸ ਸਕੀਮ ਅਧੀਨ ਬੱਚਿਆਂ ਦੇ ਕੀਤੇ ਜਾਂਦੇ ਚੈਕਅੱਪ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਜਿਲਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦਾ ਇਲਾਜ ਕੀਤਾ ਜਾ ਸਕੇ । 
ਇਸ ਮੌਕੇ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਇਲਾਜ ਕਰਵਾਉਣ ਵਾਲੇ ਮਾਪਿਆਂ ਨੇ ਕਿਹਾ ਕਿ ਆਪਣੀ ਬੱਚੀ ਨੂੰ ਦਿਲ ਦੀ ਸਫ਼ਲ ਸਰਜਰੀ ਕਰਵਾਉਣ ਨਾਲ ਨਵੀ ਜਿੰਦਗੀ ਮਿਲੀ ਹੈ , ਇਸ ਲਈ ਉਹ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦੇ ਹਨ।

NO COMMENTS