ਮਾਨਸਾ 3 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ) : ਸਿਹਤ ਮੰਤਰੀ ਡਾ.ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਾਇਕਲ ਫਾਰ ਹੈਲਥ ਵਿਸ਼ੇ ਤਹਿਤ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਸਾਇਕਲ ਰੈਲੀ ਜੱਚਾ ਬੱਚਾ ਹਸਪਤਾਲ ਮਾਨਸਾ ਤੋਂ ਸ਼ਹਿਰ ਦੇ ਰੇਲਵੇ ਸਟੇਸ਼ਨ ਰੋਡ, ਬਾਰਾਂ ਹੱਟਾਂ ਚੋਂਕ, ਰੇਲਵੇ ਫਾਟਕ, ਮੇਨ ਬਾਜ਼ਾਰ ਤੋਂ ਹੁੰਦੀ ਹੋਈ ਬੱਸ ਸਟੈਂਡ ਚੌਂਕ ਵਿਖੇ ਸਮਾਪਤ ਕੀਤੀ। ਇਸ ਰੈਲੀ ਦਾ ਮੁੱਖ ਮੰਤਵ ਲੋਕਾਂ ਨੂੰ ਸੂਗਰ, ਬੀ.ਪੀ. ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਸੀ।
ਡਾ.ਰਣਜੀਤ ਸਿੰਘ ਰਾਏ ਦੱਸਿਆ ਕਿ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਤਣਾਅ, ਖਾਣ ਪੀਣ ਦੇ ਬਦਲਾਅ ਅਤੇ ਜੰਕ ਫੂਡ ਦੀ ਜਿਆਦਾ ਵਰਤੋਂ ਸਦਕਾ ਬਿਮਾਰੀਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਮਾਰੀਆਂ ਤੋਂ ਬਚਣ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਸਾਈਕਲ ਚਲਾਉਣ, ਕਸਰਤ, ਸੈਰ ਅਤੇ ਯੋਗਾ ਕਰਨ ਦੀ ਜ਼ਰੂਰਤ ਹੈ ਅਤੇ ਜੰਕ ਫੂਡ ਤੋਂ ਪ੍ਰਹੇਜ ਕਰਕੇ ਘਰ ਦਾ ਬਣਿਆ ਤਾਜਾ ਖਾਣਾ ਹੀ ਸਮੇਂ ਸਿਰ ਖਾਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਸਾਨੂੰ ਬੀ.ਪੀ.,ਸ਼ੂਗਰ ਅਤੇ ਹੋਰ ਬਿਮਾਰੀਆਂ ਸਬੰਧੀ ਸਮੇਂ ਸਿਰ ਚੈੱਕ ਕਰਾ ਕੇ ਲਗਾਤਾਰ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਖਾਣੀ ਚਾਹੀਦੀ ਹੈ ਤਾਂ ਕਿ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬੀ.ਪੀ. ਅਤੇ ਸ਼ੂਗਰ ਦੀ ਦਵਾਈ ਸਰਕਾਰੀ ਹਸਪਤਾਲ ਅਤੇ ਉਪ ਸਿਹਤ ਕੇਂਦਰਾਂ ਵਿਚੋਂ ਬਿਲਕੁਲ ਮੁਫ਼ਤ ਮਿਲਦੀ ਹੈ।
ਇਸ ਮੌਕੇ ਡਾ.ਜਨਕ ਰਾਜ ਆਈ.ਐਮ.ਏ.ਦੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਤਣਾਅ ਮੁਕਤ ਜ਼ਿੰਦਗੀ ਜਿਊਣ ਲਈ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ। ਜ਼ਿਆਦਾ ਮਠਿਆਈ, ਚਿਕਨਾਈ ਅਤੇ ਨਮਕ ਵਾਲੇ ਪਦਾਰਥਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਸ ਮੋਕੇ ਸ਼ਹਿਰ ਦੇ ਸਵੈ ਸੇਵੀ ਸੰਸ਼ਥਾਵਾਂ ਦੇ ਨੁਮਾਇੰਦੇ ਕ੍ਰਿਸਨ ਕੁਮਾਰ ਗਰਗ, ਸੰਜੀਵ ਕੁਮਾਰ ਗਰਗ ,ਰਾਧੇ ਸਿਆਮ, ਰਮਨ ਗੁਪਤਾ, ਟੋਨੀ ਸਰਮਾ, ਬਲਵੀਰ ਸਿੰਘ ਅਗਰੋਇਆ, ਜਗਤਾਰ ਗਰਗ, ਅਵਤਾਰ ਸਿੰਘ ਜਿਲਾ ਪ੍ਰੋਗਰਾਮ ਮੇਨੈਜਰ, ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਕ੍ਰਿਸ਼ਨ ਕੁਮਾਰ ਡਿਪਟੀ ਮਾਸ ਮੀਡੀਆ ਅਫਸਰ, ਸ਼ੰਤੋਸ ਭਾਰਤੀ ਐਪੀਡਿਮੈਲੋਜਿਸਟ, ਕੇਵਲ ਸਿੰਘ ਬਲਾਕ ਸਿਹਤ ਸਿੱਖਿਆਕਾਰ,ਜਸਵੀਰ ਸਿੰਘ ਐਸ.ਆਈ., ਮਨਦੀਪ ਕੋਰ ਅਤੇ ਸੁਮਨਦੀਪ ਕੋਰ ਸੀ.ਐਚ.ਓ.’ਰਾਕੇਸ਼ ਕੁਮਾਰ ਤੋ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।