ਸਿਵਲ ਹਸਪਤਾਲ ਰਿਸ਼ਵਤਖੋਰੀ ਮਾਮਲਾ: ਤਿੰਨ ਕਥਿਤ ਦੋਸ਼ੀਆਂ ਦੀਆਂ ਜਮਾਨਤਾ ਅਦਾਲਤ ਨੇ ਕੀਤੀਆਂ ਖਾਰਜ

0
179

ਮਾਨਸਾ 24 ਜੁਲਾਈ (ਸਾਰਾ ਯਹਾ/ ਜਗਦੀਸ਼ ਬਾਂਸਲ)- ਸਿਵਲ ਹਸਪਤਾਲ ਰਿਸ਼ਵਤਖੋਰੀ ਮਾਮਲੇ ਚ ਵਿਜੀਲੈਂਸ ਵੱਲੋ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚੋਂ ਤਿੰਨ ਕਥਿਤ ਦੋਸ਼ੀਆਂ ਦੀਆਂ ਜਮਾਨਤਾ ਅੱਜ ਵਧੀਕ ਸ਼ੈਸ਼ਨ ਜੱਜ ਸ਼੍ਰੀ ਦਿਨੇਸ਼ ਕੁਮਾਰ ਦੀ ਅਦਾਲਤ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ। ਵਿਜੀਲੈਂਸ ਵੱਲੋ ਇਸ ਮਾਮਲੇ ਚ ਹਸਪਤਾਲ ਦੇ ਐਸ ਐਮ ਓ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ ਅਤੇ 2 ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜੇਲ ਭੇਜੇ ਗਏ ਕਥਿਤ ਦੋਸ਼ੀਆਂ ਵਿੱਚੋ ਗੁਰਵਿੰਦਰ ਸਿੰਘ ਲਾਲੀ, ਬੂਟਾ ਸਿੰਘ ਤੇ ਅਨਿਲ ਕੁਮਾਰ ਦੀਆਂ ਜਮਾਨਤਾ ਦੀਆਂ ਅਰਜ਼ੀਆਂ ਤੇ ਸੁਣਵਾਈ ਕਰਦਿਆਂ ਵਧੀਕ ਸ਼ੈਸ਼ਨ ਜੱਜ ਸ਼੍ਰੀ ਦਿਨੇਸ਼ ਕੁਮਾਰ ਦੀ ਅਦਾਲਤ ਵੱਲੋਂ ਤਿੰਨਾਂ ਦੀਆਂ ਜਮਾਨਤਾ ਰੱਦ ਕਰ ਦਿੱਤੀਆਂ ਹਨ।

  ਵਰਨਣਯੋਗ ਹੈ ਕਿ ਵਿਜੀਲੈਸ ਰੇਂਜ ਬਠਿੰਡਾ ਦੇ ਐਸ ਐਸ ਪੀ,ਪਰਮਜੀਤ ਸਿੰਘ ਵਿਰਕ ਦੀ ਨਿਗਰਾਨੀ ਵਾਲੀ ਟੀਮ ਨੇ 16 ਜੂਨ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ  ਫਰਜੀ ਅੰਗਹੀਣ ਸਰਟੀਫੀਕੇਟ ਜਾਰੀ ਕਰਵਾਉਣ, ਝੂਠੀਆਂ ਡੋਪ ਟੈਸਟ ਰਿਪੋਰਟਾਂ ਜਾਰੀ ਕਰਨ ਅਤੇ ਐਮ ਐਲ, ਆਰਜ ਵਿੱਚ ਹੇਰਾਫੇਰੀ ਕਰਕੇ ਸੱਟਾਂ ਦੀ ਕਿਸਮ ਵਿੱਚ ਬਦਲਾਵ ਕਰਨ ਤੇ ਆਯੂਸ਼ਮਾਨ ਭਾਰਤ ਜਨ ਸਵਾਸਥ ਯੋਜਨਾ ਤਹਿਤ ਸਿਵਲ ਹਸਪਤਾਲ ਮਾਨਸਾ ਤੋਂ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜ ਰੈਫਰ ਕਰਨ ਵਰਗੇ ਮਾਮਲਿਆਂ ਚ ਵੱਡੇ ਪੱਧਰ ਤੇ ਚੱਲਦੀ ਰਿਸ਼ਵਤਖੋਰੀ ਦਾ ਪਰਦਾਫਾਸ਼ ਕਰਦਿਆਂ ਸਿਵਲ ਹਸਪਤਾਲ ਦੇ ਤਿੰਨ ਮੁਲਾਜਮਾਂ ਵਿਜੇ ਕੁਮਾਰ ਲੈਬ ਟੈਕਨੀਸੀਅਨ, ਦਰਸ਼ਨ ਸਿੰਘ ਫਰਮਾਸਿਸਟ ਅਤੇ ਤੇਜਿੰਦਰਪਾਲ ਸਰਮਾ ਐਫ ਐਲ ਓ.  ਨੂੰ ਗ੍ਰਿਫਤਾਰ ਕਰਕੇ ਅਦਾਲਤ ਪਾਸੋ ਪਹਿਲਾ ਪੰਜ ਦਿਨਾਂ ਤੇ ਫੇਰ ਦੋ ਦਿਨਾਂ ਕੁੱਲ ਸੱਤ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰਨ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿਨ੍ਹਾਂ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜਣ ਦਾ ਹੁਕਮ ਦਿੱਤਾ ਸੀ। ਉਸੇ ਦਿਨ ਵਿਜੀਲੈਂਸ ਵੱਲੋ ਇਸ ਮਾਮਲੇ ‘ਚ  ਤਿੰਨ ਹੋਰ ਨਾਮਜਦ ਕਥਿਤ ਦੋਸ਼ੀ ਅਨਿਲ ਕੁਮਾਰ, ਗੁਰਵਿੰਦਰ ਸਿੰਘ ਲਾਲੀ ਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਪਾਸੋ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮਾਮਲੇ ‘ਚ ਪੁੱਛਗਿੱਛ ਕੀਤੀ  ਤੇ  ਰਿਮਾਂਡ ਖਤਮ ਹੋਣ ਤੇ ਉਕਤ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੇ ਅਦਾਲਤ ਵੱਲੋਂ ਤਿੰਨਾਂ ਨੂੰ ਜੇਲ ਭੇਜ ਦਿੱਤਾ ਸੀ । ਵਿਜੀਲੈਂਸ ਵੱਲੋ ਇਸ ਰਿਸ਼ਵਤਖੋਰੀ ਮਾਮਲੇ ਚ ਨਾਮਜਦ ਸਿਵਿਲ ਹਸਪਤਾਲ ਦੇ ਉਸ ਸਮੇ ਦੇ ਐਸ ਐਮ ਓ, ਡਾਕਟਰ ਅਸ਼ੋਕ ਕੁਮਾਰ ਨੂੰ ਵੀ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ। ਐਸ ਐਸ ਪੀ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਚ ਹੁਣ ਤੱਕ 9 ਕਥਿਤ ਦੋਸ਼ੀਆ ਨੂੰ ਨਾਮਜਦ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਚੋ 7 ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ ਅਤੇ ਦੋ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਸ੍ਰ ਪਰਮਜੀਤ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਅਜੇ ਜਾਰੀ ਹੈ ਤਫਤੀਸ਼ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

NO COMMENTS