*ਸਿਵਲ ਸਰਜਨ ਵੱਲੋਂ ਤਿਉਹਾਰਾਂ ਦੇ ਮੌਕੇ ਮਿਲਾਵਟਖੋਰਾਂ ’ਤੇ ਸ਼ਿਕੰਜਾ ਕੱਸਣ ਦੀ ਹਦਾਇਤ*

0
16

ਮਾਨਸਾ 03 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ )  : ਤਿਉਹਾਰਾਂ ਦੇ ਮੱਦੇਨਜ਼ਰ ਖਾਣ ਪੀਣ ਵਾਲੀਆਂ ਵਸਤੂਆਂ ਖਾਸ ਕਰ ਮਠਿਆਈਆਂ ’ਚ ਮਿਲਾਵਟਖੋਰੀ ਨੂੰ ਰੋਕਣ ਲਈ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ.ਹਰਿੰਦਰ ਕੁਮਾਰ ਸ਼ਰਮਾ ਨੇ ਖਾਣ ਪੀਣ ਦੀ ਵਸਤੂ ਤਿਆਰ ਕਰਨ ਵਾਲੇ ਅਦਾਰਿਆਂ ਸਮੇਤ ਜ਼ਿਲ੍ਹੇ ਦੇ ਸਮੁੱਚੇ ਹਲਵਾਈਆਂ ਦੋਧੀਆਂ, ਡੇਅਰੀਆਂ ਅਤੇ ਖਾਣ ਪੀਣ ਵਾਲੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਮਠਿਆਈਆਂ ਤਿਆਰ ਕਰਨ ਵੇਲੇ ਅਤੇ ਵੇਚਣ ਵੇਲੇ ਕਿਸੇ ਕਿਸਮ ਦੀ ਮਿਲਾਵਟਖੋਰੀ ਨਾ ਕੀਤੀ ਜਾਵੇ ਅਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।  
ਉਨ੍ਹਾਂ ਨੇ ਕਿਹਾ ਕਿ ਸਪਲਾਈ ਹੋਏ ਦੁੱਧ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਅਤੇ ਮਠਿਆਈ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ, ਤੇਲ ਵੀ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀਆਂ ਧਾਰਾਵਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਉਨ੍ਹਾਂ ਮਠਿਆਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਕਿਹਾ ਕਿ ਮਠਿਆਈ ਉੱਪਰ ਤਿਆਰ ਕਰਨ ਦਾ ਸਮਾਂ ਅਤੇ ਮਿਆਦ ਪੁੱਗਣ ਦਾ ਸਮਾਂ ਦਰਸਾਉਂਦੇ ਸਟਿੱਕਰ ਜਰੂਰ ਲਾਏ ਜਾਣ ਅਤੇ ਨਿਰਧਾਰਤ ਫੂਡ ਬਿਜ਼ਨਸ ਲਾਇਸੰਸ ਲੈਣਾ ਵੀ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਮਠਿਆਈਆਂ ਦੀਆਂ ਦੁਕਾਨਾਂ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ’ਤੇ ਕੰਮ ਕਰਨ ਵਾਲੇ ਕਾਮਿਆਂ ਦਾ ਮੈਡੀਕਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੂੰ ਟੋਪੀਆਂ ਦਸਤਾਨੇ, ਮਾਸਕ ਵਗੈਰਾ ਲਾਜ਼ਮੀ ਮੁਹੱਈਆ ਕਰਵਾਏ ਜਾਣ।  ਉਨ੍ਹਾਂ ਇਲਾਕਾ ਵਾਸੀਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਉਥੇ ਹੀ ਫੂਡ ਸੇਫਟੀ ਕਮਿਸ਼ਨਰ ਨੂੰ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਦੁਕਾਨਾਂ ਉੱਪਰ ਚੈਕਿੰਗ ਵਧਾਉਣ ਲਈ ਕਿਹਾ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ

NO COMMENTS