*ਸਿਵਲ ਸਰਜਨ ਮਾਨਸਾ ਡਾ. ਰੂਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਹਫ਼ਤਾ ਸ਼ੁਰੂ*

0
53

ਮਾਨਸਾ, 3 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ): ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ। ਇਸ ਹਫ਼ਤੇ ਦੌਰਾਨ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਦੇ ਰਹੀਆਂ ਮਾਵਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਸਿਵਲ ਸਰਜਨ ਮਾਨਸਾ ਡਾ. ਰੂਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਜੰਮੇ ਬੱਚੇ ਨੂੰ ਇਕ ਘੰਟੇ ਦੇ ਅੰਦਰ ਅੰਦਰ ਕੇਵਲ ਮਾਂ ਦਾ ਦੁੱਧ ਹੀ ਦਿੱਤਾ ਜਾਵੇ, ਪਰ ਬੱਚੇ ਨੂੰ ਗੁੜਤੀ ਦੀ ਥਾਂ ਗੁੜਤੀ ਦੇ ਤੌਰ ’ਤੇ ਸ਼ਹਿਦ ਜਾਂ ਪਾਣੀ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਮਾਂ ਦਾ ਪਹਿਲਾ ਦੁੱਧ ਜਿਸ ਨੂੰ ਕਲੋਸਟਰਮ ਕਿਹਾ ਜਾਂਦਾ ਹੈ ਬੱਚੇ ਨੂੰ ਰੋਗਾਂ ਤੋਂ ਮੁਕਤ ਰੱਖਣ ਲਈ ਕੁਦਰਤੀ ਸੌਗਾਤ ਹੈ, ਜੋ ਬੱਚਿਆਂ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਜਿਹੜੀਆਂ ਮਾਵਾਂ ਬੋਤਲ ਦਾ ਜਾਂ ਓਪਰਾ ਦੁੱਧ ਬੱਚੇ ਨੂੰ ਪਿਆਉਂਦੀਆਂ ਹਨ, ਉਨ੍ਹਾਂ ਬੱਚਿਆਂ ਨੂੰ ਡਾਇਰੀਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਮਾਂ ਦਾ ਦੁੱਧ ਪੀਣ ਨਾਲ ਬੱਚੇ ਦਾ ਸਰੀਰਿਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਤੇਜੀ ਨਾਲ ਹੁੰਦਾ ਹੈ। ਅਜਿਹਾ ਕਰਨ ਨਾਲ ਬੱਚੇ ਅਤੇ ਮਾਂ ਦਾ ਆਪਸੀ ਪਿਆਰ ਵੀ ਬਣਿਆ ਰਹਿੰਦਾ ਹੈ।  ਉਨ੍ਹਾਂ ਦੱਸਿਆ ਕਿ ਬੱਚੇ ਨੂੰ ਪਹਿਲੇ 6 ਮਹੀਨਿਆਂ ਤੱਕ ਮਾਂ ਆਪਣਾ ਦੁੱਧ ਹੀ ਪਿਆਵੇ ਅਤੇ 6 ਮਹੀਨਿਆਂ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ ਨਾਲ ਓਪਰੀ ਖੁਰਾਕ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਜਿਹਾ ਦੋ ਸਾਲ ਤੱਕ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣ ਨਾਲ ਕੇਵਲ ਬੱਚੇ ਦੀ ਸਿਹਤ ਹੀ ਠੀਕ ਨਹੀਂ ਰਹਿੰਦੀ ਬਲਕਿ ਮਾਂ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਆਪ ਵੀ ਬਚੀ ਰਹਿੰਦੀ ਹੈ। ਇਸ ਨਾਲ ਛਾਤੀ ਦੇ ਕੈਂਸਰ ਅਤੇ ਹੱਡੀਆਂ ਦੀ ਕਮਜ਼ੋਰੀ ਤੋਂ ਬਚਾਅ ਰਹਿੰਦਾ ਹੈ।

NO COMMENTS