ਮਾਨਸਾ, 11 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੀ ਅਗਵਾਈ ਹੇਠ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸੇ ਲੜੀ ਤਹਿਤ ਹੈਲਥ ਐਂਡ ਵੈਲਨੇਂਸ ਸੈਂਟਰ ਜਵਾਹਰਕੇ ਵਿਖੇ ਦੌਰਾ ਕਰਨ ਦੌਰਾਨ ਉਨ੍ਹਾਂ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ, ਗਮਲਿਆਂ, ਕੁੱਲਰਾਂ, ਟਾਇਰਾਂ ਆਦਿ ਦੇ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ, ਜੇਕਰ ਇਹ ਪਾਣੀ ਲੰਮਾ ਸਮਾਂ ਇੱਕ ਥਾਂ ’ਤੇ ਖੜਾ ਰਹੇਗਾ ਤਾਂ ਮੱਛਰ ਦਾ ਅੰਡਾ, ਲਾਰਵਾ, ਪਉਪਾ ਤੇ ਮੱਛਰ ਪੈਦਾ ਹੋਵੇਗਾ। ਇਸ ਲਈ ਸਾਨੂੰ ਹਫਤੇ ਦੇ ਅੰਦਰ ਇੱਕ ਵਾਰੀ ਪਾਣੀ ਨੂੰ ਸੁਕਾ ਦੇਣਾ ਜਾ ਬਦਲ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ‘ਡੇਂਗੂ ’ਤੇ ਵਾਰ ਹਰ ਸ਼ੁਕਰਵਾਰ’ ਮੁਹਿੰਮ ਦੇ ਤਹਿਤ ਇਹ ਜਾਣਕਾਰੀ ਗਰਾਂਉਂਡ ਪੱਧਰ ਤੱਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਨੂੰ ਦਿਨ ਵੇਲੇ ਕਟਦਾ ਹੈ।
ਉਨ੍ਹਾਂ ਹੈਲਥ ਐਂਡ ਵੈਲਨੈਸ ਸੈਂਟਰ ਜੁਵਾਰਕੇ ਵਿਖੇ ਸਭ ਤੋਂ ਪਹਿਲਾਂ ਸਟਾਫ ਦੀ ਹਾਜ਼ਰੀ ’ਤੇ ਤਸੱਲੀ ਪ੍ਰਗਟਾਈ ਅਤੇ ਉਸ ਉਪਰੰਤ ਦਵਾਈਆਂ ਦਾ ਸਟਾਕ ਰਜਿਸਟਰ ਅਤੇ ਦਵਾਈਆਂ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਅਤੇ ਲੋਕਾਂ ਤੋਂ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਮੁਲਾਂਕਣ ਕੀਤਾ। ਇਸ ਉਪਰੰਤ ਉਨ੍ਹਾਂ ਹੈਲਥ ਵੇਲਨੇਸ ਸੈਂਟਰ ਬਰੇ੍ਹ, ਸਬ-ਸੈਂਟਰ ਬਰ੍ਹੇ ਅਤੇ ਆਮ ਆਦਮੀ ਕਲੀਨਿਕ ਬਰੇ੍ਹ ਦਾ ਦੌਰਾ ਕੀਤਾ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਸਮੇਂ ਸਿਰ ਡਿਊਟੀ ’ਤੇ ਆਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਇੰਨਾ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 40 ਤਰ੍ਹਾਂ ਦੇ ਟੈਸਟ ਲੋਕਾਂ ਨੂੰ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ ਜਦ ਕਿ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ 35 ਤੋਂ 40 ਕਿਸਮ ਦੀਆਂ ਦਵਾਈਆਂ, ਜਿਨਾਂ ਵਿੱਚ ਬੀ.ਪੀ.ਅਤੇ ਸ਼ੂਗਰ ਆਦਿ ਦਵਾਈਆਂ ਵੀ ਲਗਾਤਾਰ ਉਪਲਬਧ ਹਨ ,ਹਰ ਵੇਲੇ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਅਵਤਾਰ ਸਿੰਘ ਜ਼ਿਲਾ ਪ੍ਰੋਗਰਾਮ ਮੈਨੇਜਰ, ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜ਼ਰ, ਰਾਮ ਕੁਮਾਰ ਹੈਲਥ ਸੁਪਰਵਾਈਜ਼ਰ, ਬੇਅੰਤ ਕੌਰ ਸੀ.ਐਚ.ਓ. ਅਤੇ ਆਮ ਆਦਮੀ ਕਲੀਨਿਕ ਬਰ੍ਹੇ ਦੇ ਡਾ. ਮਮਤਾ, ਹਰਜੀਤ ਕੌਰ ਐਲ.ਐਚ.ਵੀ. ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।