*ਸਿਰਸਾ ਡੇਰਾ ਮੁਖੀ ਰਾਮ ਰਹੀਮ ਨੇ ਨਹੀਂ ਦਿੱਤੇ ਜਵਾਬ ਤਾਂ ਸਿੱਟ ਵੱਲੋਂ ਵਿਪਾਸਨਾ ਤਲਬ*

0
49

ਚੰਡੀਗੜ੍ਹ  25,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਵਿਧਾਨ ਸਭਾ ਚੋਣਾਂ (Punajb Assembly Election 2022) ਨੇੜੇ ਆਉਂਦੀਆਂ ਵੇਖ ਪੰਜਾਬ ਸਰਕਾਰ (Punjab Government) ਐਕਸ਼ਨ ਮੋਡ ਵਿੱਚ ਹੈ। ਸਰਕਾਰ ਸਾਹਮਣੇ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬੇਅਦਬੀ ਤੇ ਗੋਲੀ ਕਾਂਡ ਹੈ। ਇਸ ਲਈ ਇਸ ਮਾਮਲੇ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਤੇਜ਼ੀ ਨਾਲ ਕੰਮ ਕਰ ਰਹੀ ਹੈ। ਸਿੱਟ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੇਅਦਬੀ ਦੇ ਮਾਮਲਿਆਂ ਦੀ ਡੇਰਾ ਸਿਰਸਾ (Dera Sira) ਨਾਲ ਜੁੜੀ ਤਾਰ ਦਾ ਸੱਚ ਸਾਹਮਣੇ ਲਿਆਉਣਾ ਹੈ।

ਇਸ ਲਈ ਸਿੱਟ ਨੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ਵਿੱਚ ਪੁੱਛ-ਪੜਤਾਲ ਕਰਨ ਮਗਰੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੂੰ ਤਲਬ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਵਿਪਾਸਨਾ ਨੂੰ ਹੁਕਮ ਦਿੱਤੇ ਹਨ ਕਿ ਉਹ ਪੁੱਛ-ਪੜਤਾਲ ਲਈ 26 ਨਵੰਬਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਵੇ।

ਦੱਸ ਦਈਏ ਕਿ ਵਿਸ਼ੇਸ਼ ਜਾਂਚ ਟੀਮ ਨੇ 8 ਨਵੰਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ਵਿੱਚ ਪੁੱਛ-ਪੜਤਾਲ ਕੀਤੀ ਸੀ। ਡੇਰਾ ਮੁਖੀ ਨੇ ਜਾਂਚ ਟੀਮ ਨੂੰ ਬਹੁਤੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦਿੱਤੇ। ਜਾਂਚ ਟੀਮ ਨੇ ਡੇਰਾ ਮੁਖੀ ਤੋਂ ਡੇਰੇ ਦੀ ਸਥਾਪਨਾ, ਪ੍ਰਬੰਧ ਤੇ ਡੇਰੇ ਨਾਲ ਜੁੜੇ ਕੰਮਾਂ ਤੇ ਵਿਵਾਦਾਂ ਬਾਰੇ ਸੌ ਤੋਂ ਵੱਧ ਸਵਾਲ ਕੀਤੇ ਸਨ।

ਪਤਾ ਲੱਗਾ ਹੈ ਕਿ ਬਹੁਤੇ ਜਵਾਬਾਂ ਵਿੱਚ ਡੇਰਾ ਮੁਖੀ ਨੇ ਕਿਹਾ ਸੀ ਕਿ ਇਸ ਬਾਰੇ ਡੇਰੇ ਦੀ ਕਮੇਟੀ ਤੇ ਚੇਅਰਪਰਸਨ ਹੀ ਦੱਸ ਸਕਦੀ ਹੈ। ਇਸ ਤੋਂ ਬਾਅਦ ਜਾਂਚ ਟੀਮ ਨੇ ਵਿਪਾਸਨਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਜਾਂਚ ਟੀਮ ਨੂੰ ਹੁਕਮ ਦਿੱਤੇ ਹਨ ਜਲਦ ਤੋਂ ਜਲਦ ਆਪਣੀ ਰਿਪੋਰਟ ਸੌਂਪੇ।

NO COMMENTS