ਸਿਰਸਾ ਜਾ ਰਹੀ ਗੱਡੀ ਦੀ ਗੈਸ ਟੈਂਕਰ ਨਾਲ ਟੱਕਰ, ਪੰਜ ਦੀ ਮੌਕ ‘ਤੇ ਮੌਤ, ਬਾਕੀਆਂ ਦੀ ਹਾਲਤ ਗੰਭੀਰ

0
138

ਮਾਨਸਾ 8 ਮਾਰਚ (ਬਪਸ): ਅੱਜ ਸਵੇਰੇ ਡੇਰਾ ਸੱਚਾ ਸੌਦਾ ਸਿਰਸਾ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਗੱਡੀ ਦੀ ਐੱਚਪੀ ਕੰਪਨੀ ਦੇ ਇਕ ਗੈਸ ਟੈਂਕਰ ਨਾਲ ਟੱਕਰ ਹੋਣ ਕਰਕੇ ਪੰਜ ਦੀ ਮੌਤ ਹੋ ਗਈ। ਮ੍ਰਿਤਕ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਇਲਾਕੇ ਦੇ ਸਨ। ਜੋ ਡੇਰਾ ਸੱਚਾ ਸੌਦਾ ਸਿਰਸਾ ਜਾ ਰਹੇ। ਸਰਦੂਲਗੜ੍ਹ ਤੋਂ ਅਗੇ ਹਰਿਆਣਾ ਦੇ ਪਿੰਡ ਪਿਨਹਾਰੀ ਕੋਲ ਸ਼ਰਧਾਲੂਆਂ ਦੀ ਟਵੇਰਾ ਗੱਡੀ ਐੱਚਪੀ ਕੰਪਨੀ ਦੇ ਇਕ ਗੈਸ ਟੈਂਕਰ ਨਾਲ ਟਕਰਾ ਗਈ। ਟੱਕਰ ਏਨੀ ਜ਼ਬਰਦਸਤ ਸੀ ਕਿ ਗੱਡੀ ਚ ਸਵਾਰ 10 ਵਿਅਕਤੀਆਂ ਚੋ ਪੰਜ ਡੇਰਾ ਪ੍ਰੇਮੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (65), ਡਰਾਈਵਰ ਬੱਬੀ ਸਿੰਘ (38) ਧਰਮਗੜ (ਸੰਗਰੂਰ), ਮੁਕੇਸ਼ ਕੁਮਾਰ (40) ਅੈਸ.ਡੀ.ਅੈਮ. ਦਫਤਰ ਬੁੱਢਲਾਡਾ, ਬੰਤ ਸਿੰਘ (52) ਤੇ ਗੁਰਚਰਨ ਸਿੰਘ ( 68) ਬੱਛੋਆਣਾ ਵਜੋਂ ਹੋਈ ਹੈ। ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਸ਼ੰਮੀ ਬਾਂਸਲ, ਸੰਜੀਵ ਕੁਮਾਰ ਬੁੱਢਲਾਡਾ ਅਤੇ ਜੀਵਨ ਭਾਦੜਾ ਨੂੰ ਪੀ ਜੀ ਆਈ ਰੋਹਤਕ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਅਤੇ ਸੁਰਜੀਤ ਸਿੰਘ ਅਤੇ ਤਰਸੇਮ ਬੱਛੋਆਣਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੋਣ ਕਰਕੇ ਸਿਵਲ ਹਸਪਤਾਲ ਸਿਰਸਾ ਵਿਖੇ ਜ਼ੇਰੇ ਇਲਾਜ ਹਨ।


ਹਾਦਸੇ ਦੀ ਖਬਰ ਦਾ ਪਤਾ ਲੱਗਦਿਆਂ ਹੀ ਬੁਢਲਾਡਾ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਹਾਦਸੇ ਦਾ ਕਾਰਨ ਅੱਜ ਸਵੇਰ ਵੇਲੇ ਪਈ ਸਖ਼ਤ ਧੁੰਦ ਦੱਸਿਆ ਜਾ ਰਿਹਾ ਹੈ।

NO COMMENTS