ਸਾਹਿਤਕਾਰ ਅਧਿਆਪਕ ‘ਖੁਡਾਲ’ ਦਾ ਨਾਵਲ ਸਾਹਿਤਕ ਸਫ਼ਾਂ ਵਿੱਚ ਹੋਇਆ ਮਕਬੂਲ ।

0
47

ਬੁਢਲਾਡਾ 20,,ਮਾਰਚ (ਸਾਰਾ ਯਹਾਂ /ਅਮਨ ਮਹਿਤਾ) : ਮਾਣਯੋਗ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਾਹਿਤਕਾਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਖ਼ਾਸ ਤਵੱਜੋਂ ਦਿੱਤੀ ਜਾ ਰਹੀ ਹੈ । ਇਸੇ ਲੜੀ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਸ੍ਰੀ ਸੰਜੀਵ ਬਾਂਸਲ ਜੀ , ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਭਾਰਤੀ ਜੀ ਅਤੇ ਸਰਕਾਰੀ ਹਾਈ ਸਕੂਲ ਖੁਡਾਲ ਕਲਾਂ (ਮਾਨਸਾ) ਦੇ ਹੈੱਡ-ਮਿਸਟ੍ਰੈਸ ਮੈਡਮ ਸ੍ਰੀਮਤੀ ਨੀਰਜ ਬਾਲਾ ਜੀ ਦੀ ਯੋਗ ਰਹਿਨੁਮਾਈ ਹੇਠ ਅਧਿਆਪਕ ਸਾਹਿਤਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ । ਪੰਜਾਬੀ ਸਾਹਿਤਕਾਰੀ ਵਿੱਚ ਪੈਰ ਰੱਖਦਿਆਂ ਹਾਈ ਸਕੂਲ ਖੁਡਾਲ ਕਲਾਂ (ਮਾਨਸਾ) ਦੇ ਪੰਜਾਬੀ ਅਧਿਆਪਕ ਮੱਖਣ ਸਿੰਘ ਖੁਡਾਲ ਦੁਆਰਾ ਲਿਖਿਆ ਪਲੇਠਾ ਨਾਵਲ ‘ਖ਼ੂਨ ਦੇ ਹੰਝੂ ‘ ਸਾਹਿਤਕ ਹਲਕਿਆਂ ਵਿੱਚ ਪ੍ਰਵਾਨ ਚੜ੍ਹਿਆ ਹੈ ।  ਆਪਣੇ ਨਾਵਲ  ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਨਾਵਲ ਮੇਰੇ ਸੁਪਨਿਆਂ ਦੀ ਪੇਸ਼ਕਾਰੀ ਹੈ । ਬਚਪਨ ਵਿੱਚ ਨਾਨਕਾ ਪਿੰਡ ਹਰਿਆਊ ਦੀਆਂ ਗਲ਼ੀਆਂ ਵਿੱਚ ਖੇਡਦਿਆਂ , ਦੇਸ਼-ਵੰਡ ਸਮੇਂ ਖੰਡਰ ਬਣੀਆਂ ਇਮਾਰਤਾਂ ਨੂੰ ਦੇਖਦਿਆਂ , ਦਹਾਕਿਆਂ ਤੋਂ ਜੰਗਾਲੇ ਜਿੰਦਰਿਆਂ ਨਾਲ਼ ਬੰਦ ਪਏ ਦਰਵਾਜ਼ਿਆਂ ਦੀਆਂ ਝੀਥਾਂ ਰਹੀਂ ਤੱਕਦਿਆਂ ਮਨ ਅੰਦਰ ਪੈਦਾ ਹੋਈ ਕੁਰਬਲ ਦਾ ਸ਼ਬਦ ਚਿੱਤਰ ਹੈ । ਇਹ ਨਾਵਲ ਸੁਰਜਣ ਅਤੇ ਆਫ਼ੀਆ ਜਿਹੇ ਲੱਖਾਂ ਪ੍ਰੇਮੀਆਂ ਦੀ ਪ੍ਰਵਾਨ ਨਾ ਚੜ੍ਹ ਸਕੀ ਮੁਹੱਬਤ ਦੀ ਤਸਵੀਰ ਹੈ । 1947 ਦੀ ਦੇਸ਼-ਵੰਡ ਸਮੇਂ ਵਾਪਰੇ ਖ਼ੂਨੀ ਵਰਤਾਰਿਆਂ ਨੂੰ ਬਿਆਨ ਕਰਦੇ ਇਸ ਨਾਵਲ ਬਾਰੇ ਉਨ੍ਹਾਂ ਦੱਸਿਆ ਕਿ ਨਾਵਲ ਬਾਰੇ ਵੱਖ-ਵੱਖ ਵਿਦਵਾਨਾਂ ਦੁਆਰਾ ਕੀਤੀ ਸਮੀਖਿਆ ਇਸ ਪ੍ਰਕਾਰ ਹੈ ।   ਡਾ: ਜਗਦੀਸ਼ ਕੌਰ ਵਾਡੀਆ ਜੀ ਦੱਸਦੇ ਹਨ ਕਿ ਰਾਜਨੀਤਕ ਚੌਧਰ ਖ਼ਾਤਿਰ ਮਰਵਾਏ ਬੇਦੋਸ਼ੇ ਲੱਖਾਂ ਲੋਕਾਂ ਦੀ ਵੇਦਨਾਮਈ ਤਸਵੀਰ ਨੂੰ ਪੇਸ਼ ਕਰਦਿਆਂ

ਨਾਵਲਕਾਰ ਨੇ ਰਾਜਨੀਤਿਕ ਲੀਡਰਾਂ ਦੇ ਕੋਝ ਨੂੰ ਨੰਗਾ-ਚਿੱਟਾ ਕੀਤਾ ਹੈ । ਹਰਿਆਊ , ਡਸਕੇ ਤੇ ਆਸ-ਪਾਸ ਦੇ ਹੋਰਨਾਂ ਪਿੰਡਾਂ ਵਿੱਚ ਵਾਪਰੀਆਂ ਹਿਰਦੇ-ਵੇਦਕ ਘਟਨਾਵਾਂ ਨੂੰ ਲੇਖਕ ਨੇ ਇਸ ਢੰਗ ਨਾਲ਼ ਪੇਸ਼ ਕੀਤਾ ਹੈ ਕਿ ਅੰਤ ਤੱਕ ਅੱਗੇ ਜਾਨਣ ਦੀ ਜਗਿਆਸਾ ਬਣੀ ਰਹਿੰਦੀ ਹੈ । ਪੇੰਡੂ ਪਾਤਰਾਂ ਦੀ ਵਾਰਤਾਲਾਪ ਤੇ ਲੇਖਕ ਦਾ ਚੋਖਾ ਸ਼ਬਦ ਭੰਡਾਰ ਪਾਠਕ ਨੂੰ ਆਪਣੇ ਵੱਲ  ਖਿੱਚੀ ਰੱਖਦੇ ਹਨ ।     ਨਾਵਲਕਾਰ  ਅਜ਼ੀਜ਼ ਸਰੋਏ ਨਾਵਲ ਦੀ ਭੂਮਿਕਾ ਵਿੱਚ ਲਿੱਖਦੇ ਹਨ ਕਿ ਮੱਖਣ ਸਿੰਘ ਖੁਡਾਲ ਨੇ ਆਪਣੇ ਪਲੇਠੇ ਨਾਵਲ ਵਿੱਚ ਡੂੰਘੇਰੇ ਵਿਸ਼ੇ ਨੂੰ ਹੱਥ ਪਾਉਣ ਦਾ ਸਾਹਸ ਕੀਤਾ ਹੈ । ‘ਖ਼ੂਨ ਦੇ ਹੰਝੂ’ ਨਾਵਲ ਸੰਤਾਲ਼ੀ ਦੇ ਅਮਾਨਵੀ ਵਰਤਾਰੇ , ਅਨੈਤਿਕ ਵੰਡ , ਸੰਵੇਦਨਸ਼ੀਲ ਹਿਰਦਿਆਂ ਨੂੰ ਵਲੂੰਧਰ ਦੀਆਂ ਅਸੱਭਿਅਕ ਘਟਨਾਵਾਂ ਦੇ ਨਾਲ਼-ਨਾਲ਼ ਖ਼ੂਨ ਭਿੱਜੇ ਕਾਲ਼ੇ ਦਿਨਾਂ ਨੂੰ ਸਪਰਸ਼ ਕਰਦਾ ਹੈ । ਲੇਖਕ ਖੁਦ ਭਾਸ਼ਾ ਅਧਿਆਪਕ ਹੈ ਇਸ ਲਈ ਉਸ ਦਾ ਸ਼ਬਦ ਭੰਡਾਰ ਵਿਸ਼ਾਲ ਹੈ । ਨਾਵਲ ਦੀ ਬੋਲੀ ਤੇ ਸ਼ੈਲੀ ਪਾਠਕ ਨੂੰ ਟੁੰਬਦੀ ਹੈ । ਨਾਵਲ ਜਿੱਥੇ ਇੱਕ ਪਾਸੇ ‘ਖ਼ੂਨ ਦੇ ਹੰਝੂ’ ਦੀ ਗਵਾਹੀ ਭਰਦਾ ਹੈ ਨਾਲ਼ ਹੀ ਸਮਾਂਤਰ ਸੁਰਜਣ ਤੇ ਆਫ਼ੀਆ ਦੀ ਮੁਹੱਬਤ ਪਾਠਕਾਂ ਵਿੱਚ ਅੰਤ ਤੱਕ ਉਤਸੁਕਤਾ ਪੈਦਾ ਕਰਦੀ ਹੈ। ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ: ਸਤਗੁਰ ਸਿੰਘ ਜੀ ਨੇ ਨਾਵਲ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਨਾਵਲ ਵਿੱਚ ਮਾਨਵੀ ਸੰਵੇਦਨਾ ਹੈ ਜੋ ਪਾਠਕ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਭਾਵੁਕ ਵੀ ਕਰਦੀ ਹੈ । ਇਸ ਸਿਰਜਕ ਕੋਲ਼ ਖਿਆਲ ਹਨ ਜੋ ਭਵਿੱਖ ਵਿੱਚ ਵੀ ਵੱਡੀਆਂ ਰਚਨਾਵਾਂ ਸਾਹਿਤ ਜਗਤ ਨੂੰ ਭੇਂਟ ਕਰੇਗਾ । ਉੱਘੇ ਆਲੋਚਕ ਤੇ ਪ੍ਰਬੁੱਧ ਕਵੀ ਪ੍ਰੋਫੈਸਰ ਗੁਰਦੀਪ ਸਿੰਘ ਜੀ ਨੇ ਕਿਹਾ ਕਿ ਇਸ ਦੌਰ ਵਿੱਚ ਕਥਾ ਦਾ ਤੁਰਨਾ ਖੁਸ਼ੀ ਦੀ ਗੱਲ ਹੈ । ਉਨ੍ਹਾਂ ਇਤਿਹਾਸ ਦੀ ਪਿੱਠਭੂਮੀ ਵਿੱਚ ਪਈ ਵਿਚਾਰਧਾਰਾ ਦੀ ਸਿਆਸਤ ਨੂੰ ਮੁੱਖ ਰੱਖ ਕੇ ਸੱਤਾਮੁਖੀ ਤੇ ਲੋਕਮੁਖੀ ਦ੍ਰਿਸ਼ਟੀ ਤੋਂ ਨਾਵਲ ਦੀ ਵਿਆਖਿਆ ਕਰਦਿਆਂ ਇਸ ਨਾਵਲ ਨੂੰ ਸਫ਼ਲ ਨਾਵਲ ਅੈਲਾਨਿਆ ਹੈ । ਨਾਵਲ ਜਿਸ ਮਸਲੇ ਦੀ ਨਿਸ਼ਾਨਦੇਹੀ ਕਰਦਾ ਹੈ ਉਸ ਵਿੱਚ ਦਰਿੰਦਗੀ ਹੈ ਜਿਸ ਨੂੰ ਲੇਖਕ ਨੇ ਹਮਦਰਦੀ ਨਾਲ਼ ਪੇਸ਼ ਕੀਤਾ ਹੈ । ਬਾਲ ਕਵੀ ਸ੍ਰੀ ਪ੍ਰੇਮ ਮੌਲਵੀਵਾਲ਼ਾ ਨੇ ਕਿਹਾ ਕਿ ਇਹ ਨਾਵਲ ਵਾਸਤਵਿਕਤਾ ਦੀ ਹੁ-ਬ-ਹੂ ਪੇਸ਼ਕਾਰੀ ਹੈ । ਨਾਵਲਕਾਰ ਪਿਛੇਤੀ ਉਮਰ ਦਾ ਹੋਣ ਦੇ ਬਾਵਜੂਦ ਘਟਨਾਵਾਂ ਨੂੰ ਨੇੜੇ ਤੋਂ ਫੜ ਸਕਿਆ ਹੈ ।ਉੱਘੇ ਆਲੋਚਕ ਡਾ: ਕਰਨੈਲ ਸਿੰਘ ਵੈਰਾਗੀ ਜੀ ਨੇ ਨਾਵਲ ਨੂੰ  ਵਾਸਤਵਿਕਤਾ ਨੂੰ ਫੜਨ ਦੇ ਯਤਨ ਦੱਸਿਆ ਅਤੇ ਕਿਹਾ ਕਿ ਇਸ ਦਾ ਦ੍ਰਿਸ਼ ਚਿੱਤਰਨ ਬਾ-ਕਮਾਲ ਹੈ । ਉਨ੍ਹਾਂ ਨੇ ਸਫ਼ਲ ਨਾਵਲ ਦਾ ਲੇਖਕ ਹੋਣ ਦੇ ਨਾਤੇ ਮੱਖਣ ਸਿੰਘ  ਖੁਡਾਲ ਨੂੰ ਵਧਾਈ ਵੀ ਦਿੱਤੀ  ।  ਸਕੂਲ ਸਟਾਫ਼ ਵਿੱਚੋਂ ਸਰਵਸ੍ਰੀ ਅਸਵਨੀ ਕੁਮਾਰ , ਹੁਸ਼ਨਬੀਰ , ਬਲਵਿੰਦਰ ਸਿੰਘ , ਜਰਨੈਲ ਸਿੰਘ , ਯੋਗੇਸ਼ ਗੁਪਤਾ , ਰਜਨੀ ਰਾਣੀ , ਸ਼ਿਵਾਨੀ ਜਿੰਦਲ , ਸਟੈਫ਼ੀ ਬਾਂਸਲ , ਸੁਮਨ ਰਾਣੀ , ਸਕੂਲ ਮੈਨੇਜਮੈੰਟ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ ਤੇ ਪਿੰਡ ਦੇ ਹੋਰ ਪਤਵੰਤੇ ਸੱਜਣਾ ਨੇ ਵੀ ਲੇਖਕ ਨੂੰ ਵਧਾਈ ਦਿੱਤੀ ।

NO COMMENTS